
ਜਾਇਦਾਦ ਵਿਚ ਵਾਧੇ ਦੇ ਮਾਮਲੇ 'ਚ ਗੌਤਮ ਅਡਾਨੀ ਨੇ ਇਸ ਸਾਲ ਮਸਕ ਤੇ ਬੇਜੋਸ ਨੂੰ ਵੀ ਪਛਾੜਿਆ
ਨਵੀਂ ਦਿੱਲੀ, 13 ਮਾਰਚ : ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਜਾਇਦਾਦ 'ਚ ਇਸ ਸਾਲ ਭਾਰੀ ਵਾਧਾ ਹੋਇਆ ਹੈ | ਅਡਾਨੀ ਨੇ ਇਸ ਸਾਲ ਜਾਇਦਾਦ ਦੇ ਮਾਮਲੇ 'ਚ ਦੁਨੀਆ ਦੇ ਸੱਭ ਤੋਂ ਵੱਡੇ ਧਨਕੁਬੇਰਾਂ ਏਲਨ ਮਸਕ, ਜੇਫ ਬੇਜੋਸ ਤੇ ਬਿਲ ਗੇਟਸ ਨੂੰ ਪਛਾੜ ਦਿਤਾ ਹੈ | ਅਡਾਨੀ ਨੇ ਕਾਰੋਬਾਰੀਆਂ 'ਚ ਨਿਵੇਸ਼ਕਾਂ ਦੁਆਰਾ ਚੰਗਾ ਖਾਸਾ ਨਿਵੇਸ਼ ਕੀਤੇ ਜਾਣ ਦੇ ਚਲਦਿਆ ਉਨ੍ਹਾਂ ਦੀ ਜਾਇਦਾਦ 'ਚ ਇਹ ਇਜ਼ਾਫ਼ਾ ਹੋਇਆ ਹੈ | ਅਡਾਨੀ ਗਰੁੱਪ ਕੋਲ ਪੋਰਟਸ ਤੋਂ ਲੈ ਕੇ ਪਾਵਰ ਪਲਾਂਟਸ ਤਕ ਦੇ ਕਾਰੋਬਾਰ ਹਨ | ਸਿਰਫ ਇਕ ਨੂੰ ਛੱਡ ਕੇ ਅਡਾਣੀ ਸਮੂਹ ਦੇ ਸਾਰੇ ਸ਼ੇਅਰਾਂ 'ਚ ਇਸ ਸਾਲ ਘੱਟ ਤੋਂ ਘੱਟ 50 ਫ਼ੀ ਸਦੀ ਤਕ ਦੀ ਤੇਜ਼ੀ ਆਈ ਹੈ | ਬਲੂਮਬਰਗ ਬਿਲੀਅਨਰਜ਼ ਇੰਡੈਕਸ ਮੁਤਾਬਕ ਇਸ ਸਾਲ ਹੁਣ
ਤਕ ਗੌਤਮ ਅਦਾਣੀ ਦੀ ਜਾਇਦਾਦ 'ਚ 15.8 ਬਿਲੀਅਨ ਡਾਲਰ ਜੁੜੇ ਹਨ | ਉਧਰ ਅਮਰੀਕੀ ਇਲੈਕਟਿ੍ਕ ਕਾਰ ਕੰਪਨੀ ਟੇਸਲਾ ਦੇ ਸੀਈਉ ਏਲਨ ਮਸਕ ਦੀ ਜਾਇਦਾਦ 'ਚ ਇਸ ਸਾਲ ਹੁਣ ਤਕ 8.93 ਬਿਲੀਅਨ ਡਾਲਰ ਜੁੜੇ ਹਨ | ਇਸ ਤੋਂ ਇਲਾਵਾ ਬਿੱਲ ਗੇਟਸ ਦੀ ਜਾਇਦਾਦ 'ਚ ਇਸ ਸਾਲ ਹੁਣ ਤਕ 236 ਮਿਲੀਅਨ ਡਾਲਰ ਦਾ ਇਜਾਫ਼ਾ ਹੋਇਆ ਹੈ | ਵਾਰੇਨ ਬਫੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜਾਇਦਾਦ 'ਚ ਇਸ ਸਾਲ ਹੁਣ ਤਕ 11.7 ਬਿਲੀਅਨ ਡਾਲਰ ਦਾ ਇਜਾਫ਼ਾ ਹੋਇਆ ਹੈ |
ਬਲੂਮਬਰਗ ਬਿਲੀਅਨਰਜ਼ ਇੰਡੈਕਸ 'ਚ ਗੌਤਮ ਅਡਾਨੀ ਇਸ ਸਮੇਂ 49.6 ਬਿਲੀਅਨ ਡਾਲਰ ਦੀ ਜਾਇਦਾਦ ਨਾਲ 26ਵੇਂ ਸਥਾਨ 'ਤੇ ਹਨ | ਵਿਸ਼ਵ ਦੇ ਸੱਭ ਤੋਂ ਅਮੀਰ ਲੋਕਾਂ ਦੀ ਇਸ ਸੂਚੀ 'ਚ ਰਿਲਾਇੰਸ ਇੰਡੀਟਰੀਜ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ 10ਵੇਂ ਸਥਾਨ 'ਤੇ ਹਨ | ਬਲੂਮਬਰਗ ਬਿਲੀਅਨਰਜ ਇੰਡੈਕਸ ਮੁਤਾਬਕ ਉਨ੍ਹਾਂ ਦੀ ਜਾਇਦਾਦ ਇਸ ਸਮੇਂ 83.1 ਬਿਲੀਅਨ ਡਾਲਰ ਹੈ | (ਏਜੰਸੀ)
image