
ਖਟਕੜ ਕਲਾਂ ’ਚ ਬਣ ਰਿਹੈ 40 ਏਕੜ ਦਾ ਵਿਸ਼ਾਲ ਪੰਡਾਲ ਤੇ ਸਮਾਗਮ ਦੇ ਖ਼ਰਚਿਆਂ ਲਈ 2 ਕਰੋੜ ਦਾ ਬਜਟ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਬਾਅਦ ਹੁਣ ਪਾਰਟੀ ਵਲੋਂ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਸ਼ਹੀਦੀ ਸਥਾਨ ਨੇੜੇ ਕੀਤੇ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁਕ ਸਮਾਰੋਹ ਨੂੰ ਵੀ ਇਤਿਹਾਸਕ ਬਣਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿਚ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਤਾਂ ਸ਼ਾਮਲ ਹੋਣਗੇ ਹੀ ਅਤੇ ਨਾਲ ਹੀ ਇਸ ਤੋਂ ਇਲਾਵਾ ਹੋਰ ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਵੱਡੇ ਸਿਆਸੀ ਆਗੂ ਵੀ ਸੱਦੇ ਜਾਣਗੇ।
ਪੰਜਾਬ ਰਾਜ ਭਵਨ ਚੰਡੀਗੜ੍ਹ ਤੋਂ ਬਾਹਰ ਹੋ ਰਹੇ ਸਹੁੰ ਚੁਕ ਸਮਾਗਮ ਬਾਰੇ ਮਿਲੀ ਜਾਣਕਾਰੀ ਅਨੁਸਾਰ 40 ਏਕੜ ਜ਼ਮੀਨ ’ਤੇ ਵਿਸ਼ਾਲ ਪੰਡਾਲ ਬਣਾਇਆ ਜਾ ਰਿਹਾ ਹੈ। 25 ਹਜ਼ਾਰ ਗੱਡੀਆਂ ਦੀ ਪਾਰਕਿੰਗ ਲਈ ਕਿਸਾਨਾਂ ਤੋਂ 50 ਏਕੜ ਜ਼ਮੀਨ ਲਈ ਗਈ ਹੈ। ਸਰਕਾਰ ਦੇ ਵਿੱਤ ਵਿਭਾਗ ਵਲੋਂ ਇਸ ਸਮਾਗਮ ਦੇ ਖ਼ਰਚੇ ਲਈ
2 ਕਰੋੜ ਰੁਪਏ ਦੀ ਰਾਸ਼ੀ ਮੰਜ਼ੂਰ ਕੀਤੀ ਗਈ ਹੈ। ਇਸ ਸਮਾਗਮ ਦੌਰਾਨ ਲੱਖਾਂ ਲੋਕਾਂ ਦੀ ਆਉਣ ਵਾਲੀ ਪੀੜ ਦੇ ਮੱਦੇਨਜ਼ਰ ਹੁਣੇ ਤੋਂ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਜਾ ਰਹ ੇਹਲ। ਡੀ.ਜੀ.ਪੀ. ਵਲੋਂ 35 ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ।
ਇਨ੍ਹਾਂ ਵਿਚ ਇਕ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਤੋਂ ਇਲਾਵਾ ਅੱਧੀ ਦਰਜਨ ਆਈ.ਜੀ., ਚਾਰ ਏ.ਆਈ.ਜੀ. ਅਤੇ 9 ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨੂੰ ਤੈਨਾਤ ਕਰ ਦਿਤਾ ਗਿਆ ਹੈ। ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੇ ਨੇੜੇ ਹੀ ਚਾਰ ਹੈਲੀਪੇਡ ਬਣਾਏ ਜਾ ਰਹੇ ਹਨ ਜਿਥੇ ਬਾਹਰੋਂ ਵੀ.ਵੀ.ਆਈ.ਪੀ. ਸਿੱਧੇ ਉਤਰਨਗੇ। 25 ਹਜ਼ਾਰ ਗੱਡੀਆਂ ਦੀ ਪਾਰਕਿੰਗ ਲਈ ਕਿਸਾਨਾਂ ਦੀ ਖੜੀ ਫ਼ਸਲ ਵਾਲੀ ਜਿਹੜੀ 50 ਏਕੜ ਜ਼ਮੀਨ ਗਈ ਹੈ, ਉਸ ਵਿਚੋਂ ਕੱਟੀ ਜਾ ਰਹੀ ਫ਼ਸਲ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿਤਾ ਜਾ ਰਿਹਾ ਹੈ। ਇਕ ਲੱਖ ਤੋਂ ਵੱਧ ਲੋਕਾਂ ਲਈ ਡਿੱਬਾਬੰਦ ਖਾਣੇ ਦਾ ਪ੍ਰਬੰਧ ਹੋਵੇਗਾ। ਇਨ੍ਹਾਂ ਖ਼ਰਚਿਆਂ ਨੂੰ ਦੇਖਦੇ ਹੋਏ ਪਹਿਲਾਂ ਹੀ 2 ਕਰੋੜ ਦੀ ਰਾਸ਼ੀ ਮੰਜ਼ੂਰ ਕੀਤੀ ਗਈ ਹੈ।
Bhagwant Mann and Arvind Kejriwal
ਏ.ਵੇਨੂੰ ਪ੍ਰਸਾਦ ਖ਼ੁਦ ਰਹੇ ਹਨ ਸਾਰੇ ਪ੍ਰਬੰਧ
ਭਗਵੰਤ ਮਾਨ ਨਾਲ ਲਾਏ ਜਾ ਚੁੱਕੇ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ ਨੇ ਤੁਰਤ ਹੀ ਅਪਣਾ ਕੰਮ ਸ਼ੁਰੂ ਕਰ ਦਿਤਾ ਹੈ। ਸਹੁੰ ਚੁਕ ਸਮਾਗਮ ਦੇ ਸਾਰੇ ਪ੍ਰਬੰਧਾਂ ’ਤੇ ਉਹ ਖ਼ੁਦ ਸਿੱਧੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਅੱਜ ਖ਼ੁਦ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ ਅਤੇ ਆਮ ਲੋਕਾਂ ਦੀ ਸਹੂਲਤ ਲਈ ਵੀ ਪੂਰੇ ਪ੍ਰਬੰਧ ਕੀਤੇ ਜਾਣ।