
ਸੁਖਪਾਲ ਖਹਿਰਾ ਵਲੋਂ ਭਗਵੰਤ ਮਾਨ ਦੇ ਫ਼ੈਸਲੇ ਦਾ ਸਵਾਗਤ
ਚੰਡੀਗੜ੍ਹ, 13 ਮਾਰਚ (ਪ.ਪ.) : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਦੇ ਸਿਆਸੀ ਲੀਡਰਾਂ ਦੀ ਸੁਰੱਖਿਆ ਘਟਾਉਣ ਵਾਲੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਕ ਟਵੀਟ ਵਿਚ ਲਿਖਿਆ ਹੈ ਕਿ ਉਹ ਭਗਵੰਤ ਮਾਨ ਦੇ 122 ਵਿਧਾਇਕਾਂ ਤੇ ਸਾਬਕਾ ਮੰਤਰੀਆਂ ਦੀ ਸੁਰੱਖਿਆ ਵਾਪਸ ਲੈਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ, ਕਿਉਂਕਿ ਇਹ ਇਕ ਸਟੇਟਸ ਸਿੰਬਲ ਵਾਂਗ ਵਰਤਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਮਾਨ ਜੀ ਨੂੰ ਬੇਨਤੀ ਕਰਦੇ ਹਨ ਕਿ ਬੇਲੋੜੀ ਸਕਿਉਰਿਟੀ ਰਾਹੀਂ ਖ਼ਜ਼ਾਨੇ ਉਤੇ ਬੋਝ ਪਾ ਰਹੇ ਨੌਕਰਸ਼ਾਹਾਂ/ਅਧਿਕਾਰੀਆਂ ਦੀ ਸੁਰੱਖਿਆ ਬਾਰੇ ਵੀ ਫ਼ੈਸਲਾ ਲਿਆ ਜਾਵੇ। ਦੱਸ ਦਈਏ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਹੀ ਪੁਲਿਸ ਵਲੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਵਾ ਸੌ ਆਗੂਆਂ ਜਿਨ੍ਹਾਂ ਵਿਚ ਸਾਬਕਾ ਮੰਤਰੀ ਅਤੇ ਵਿਧਾਇਕ ਸ਼ਾਮਲ ਹਨ, ਨੂੰ ਦਿਤੀ ਸੁਰੱਖਿਆ ਵਾਪਸ ਲੈ ਲਈ ਗਈ ਹੈ।
ਸੂਬੇ ਦੇ ਡੀਜੀਪੀ ਵੀਰੇਸ਼ ਕੁਮਾਰ ਭਾਵੜਾ ਨੇ ਬੀਤੇ ਦਿਨ ‘ਆਪ’ ਵਿਧਾਇਕ ਦਲ ਦੇ ਆਗੂ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਸੀ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਹੀ ਡੀਜੀਪੀ ਨੂੰ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕਰਨ ਲਈ ਕਹਿ ਦਿਤਾ ਗਿਆ ਸੀ।
ਉਧਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਲਈ ਕਿਸੇ ਨੇਤਾ ਦੀ ਸਕਿਉਰਿਟੀ ਨਾਲੋਂ ਆਮ ਜਨਤਾ ਦੀ ਸੁਰੱਖਿਆ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਥਾਣਿਆਂ ਨੂੰ ਖਾਲੀ ਨਹੀਂ ਛਡਿਆ ਜਾ ਸਕਦਾ।
ਦੱਸ ਦਈਏ ਕਿ ਮਾਨ ਨੇ ਪੰਜਾਬ ਦੀ ਗੱਦੀ ਸੰਭਾਲਣ ਤੋਂ ਪਹਿਲਾਂ ਹੀ ਸੂਬੇ ਵਿਚ ਹਲਚਲ ਮਚਾ ਦਿਤੀ ਹੈ। ਮਾਨ ਨੇ ਸਾਰੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਇਸ ਤਹਿਤ ਕਰੀਬ 122 ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਸ਼ਨੀਵਾਰ ਨੂੰ ਭਗਵੰਤ ਮਾਨ ਨੇ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨਾਲ ਮੁਲਾਕਾਤ ਕੀਤੀ।