
ਪਿਛਲੇ ਤਿੰਨ ਦਿਨ੍ਹਾਂ ਵਿਚ ਪਾਰਟੀ ਦੇ ਤਿੰਨ ਵੱਡੇ ਆਗੂਆਂ ਨੇ ਛੱਡੀ ਪਾਰਟੀ
ਲੁਧਿਆਣਾ: ਲੋਕਸਭਾ ਚੋਣਾਂ ਸਿਰੇ ’ਤੇ ਹਨ ਪਰ ‘ਆਪ’ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਜੱਸੋਵਾਲ ਨੇ ਵੀ ਐਤਵਾਰ ਨੂੰ ਪਾਰਟੀ ਦਾ ਸਾਥ ਛੱਡ ਦਿਤਾ ਹੈ। ਤਿੰਨ ਦਿਨ੍ਹਾਂ ਵਿਚ ਪਾਰਟੀ ਦੇ ਤਿੰਨ ਵੱਡੇ ਆਗੂ ਪਾਰਟੀ ਛੱਡ ਚੁੱਕੇ ਹਨ। ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਪਾਰਟੀ ਤੋਂ ਅਸਤੀਫ਼ਾ ਦਿਤਾ।
ਉਸ ਤੋਂ ਅਗਲੇ ਦਿਨ ਸੂਬਾਈ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਨੇ ਪਾਰਟੀ ਛੱਡੀ ਅਤੇ ਹੁਣ ਜੱਸੋਵਾਲ ਨੇ ਵੀ ਕਿਨਾਰਾ ਕਰ ਲਿਆ ਹੈ। ਅਮਰਿੰਦਰ ਜੱਸੋਵਾਲ ਨੇ ਹਾਲ ਹੀ 'ਚ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਅਤੇ ਉਹ ਲਗਾਤਾਰ ਗਤੀਵਿਧੀਆਂ ਕਰਦੇ ਰਹੇ। ਨੌਜਵਾਨਾਂ ਵਿਚ ਉਹ ਆਪਣੀ ਪੈਂਠ ਬਣਾਉਣ ਵਿਚ ਕਾਫ਼ੀ ਹੱਦ ਤਕ ਕਾਮਯਾਬ ਵੀ ਰਹੇ। ਇਸ ਲਈ ਉਨ੍ਹਾਂ ਲੁਧਿਆਣਾ ਸੰਸਦੀ ਹਲਕੇ ਤੋਂ ਟਿਕਟ ਲਈ ਵੀ ਅਪਲਾਈ ਕੀਤਾ ਸੀ।
ਹਾਲਾਂਕਿ ਅਜੇ ਤਕ ਆਮ ਆਦਮੀ ਪਾਰਟੀ ਨੇ ਲੁਧਿਆਣਾ ਸੰਸਦੀ ਹਲਕੇ ਤੋਂ ਅਪਣਾ ਉਮੀਦਵਾਰ ਨਹੀਂ ਐਲਾਨਿਆ ਤੇ ਇਸ ਤੋਂ ਪਹਿਲਾਂ ਹੀ ਜੱਸੋਵਾਲ ਨੇ ਪਾਰਟੀ ਛੱਡ ਦਿਤੀ। ਦਰਸ਼ਨ ਸਿੰਘ ਸ਼ੰਕਰ ਵਾਂਗ ਜੱਸੋਵਾਲ ਨੇ ਵੀ ਪਾਰਟੀ ਵਿਚ ਚੱਲ ਰਹੀ ਧੜੇਬੰਦੀ ਅਤੇ ਕੁਝ ਆਗੂਆਂ ਵਲੋਂ ਜ਼ਿਆਦਾ ਦਖ਼ਲਅੰਦਾਜ਼ੀ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡਣ ਦਾ ਮਨ ਬਣਾਇਆ।
ਉਨ੍ਹਾਂ ਅਪਣੇ ਅਸਤੀਫ਼ੇ ਵਿਚ ਦੱਸਿਆ ਕਿ ਉਹ ਵੀ ਅਪਣਾ ਕੰਮਕਾਜ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਸਨ ਤਾਂ ਜੋ ਦੇਸ਼ ਦੀ ਸਿਆਸਤ ਵਿਚ ਬਦਲਾਅ ਲਿਆ ਸਕਣ ਪਰ ਅਜਿਹਾ ਕੁਝ ਨਹੀਂ ਹੋਇਆ। ਅਮਰਿੰਦਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਅਪਣੇ ਉਦੇਸ਼ਾਂ ਤੋਂ ਭਟਕ ਚੁੱਕੀ ਹੈ। ਜਿਸ ਸੁਪਨੇ ਨੂੰ ਲੈ ਕੇ ਲੋਕ ਪਾਰਟੀ ਨਾਲ ਜੁੜੇ ਸਨ, ਪਾਰਟੀ ਉਨ੍ਹਾਂ ਨੂੰ ਲਗਾਤਾਰ ਅਣਗੌਲਿਆ ਕਰਦੀ ਆਈ ਹੈ।
ਜੱਸੋਵਾਲ ਨੇ ਦੱਸਿਆ ਕਿ ਉਹ 2015 ਤੋਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਦਿਨ-ਰਾਤ ਪਾਰਟੀ ਲਈ ਕੰਮ ਕਰ ਰਹੇ ਸਨ। ਉਨ੍ਹਾਂ ਨਾਲ 100 ਦੇ ਲਗਭੱਗ ਨੌਜਵਾਨਾਂ ਦੀ ਇਕ ਐਕਟਿਵ ਟੀਮ ਸੀ ਜੋ ਲੋਕਾਂ ਨੂੰ ਪਾਰਟੀ ਨਾਲ ਜੋੜਨ ਅਤੇ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰ ਰਹੀ ਸੀ ਪਰ ਹੁਣ ਪਾਰਟੀ ਅਪਣੀ ਦਿਸ਼ਾ ਤੋਂ ਭਟਕ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਉਨ੍ਹਾਂ ਦੀ ਪੂਰੀ ਟੀਮ ਨੇ ਪਾਰਟੀ ਨੂੰ ਅਲਵਿਦਾ ਕਹਿ ਦਿਤਾ ਹੈ।
ਜੱਸੋਵਾਲ ਨੇ ਕਿਹਾ ਕਿ ਉਹ ਹਾਲੇ ਕੋਈ ਸਿਆਸੀ ਪਾਰਟੀ ਜੁਆਇਨ ਕਰਨ ਨਹੀਂ ਜਾ ਰਹੇ ਹਨ। ਫ਼ਿਲਹਾਲ ਉਹ ਕੁਝ ਸਮਾਂ ਅਪਣੇ ਪਰਿਵਾਰ ਤੇ ਦੋਸਤਾਂ ਨਾਲ ਬੀਤਾਉਣਾ ਚਾਹੁੰਦੇ ਹਨ ਅਤੇ ਉਸ ਤੋਂ ਬਾਅਦ ਅੱਗੇ ਦਾ ਫ਼ੈਸਲਾ ਕਰਨਗੇ।