
ਪਾਰਟੀ ਨੇ ਸੰਗਰੂਰ ਤੋਂ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇ ਦਿੱਤੀ ਹੈ
ਸੰਗਰੂਰ: ਕਾਂਗਰਸੀ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਲੋਕ ਸਭਾ ਦੀ ਟਿਕਟ ਨਾ ਮਿਲਣ ਤੋਂ ਪਾਰਟੀ ਨਾਲ ਖਾਸੇ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਚੋਣ ਲੜਨਗੇ ਕਿ ਨਾ, ਇਸ ਦਾ ਫੈਸਲਾ ਆਉਂਦੇ ਦਿਨਾਂ ਵਿਚ ਲੈ ਲੈਣਗੇ। ਹਾਲਾਂਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਦੁਆਬੇ ਦੇ ਬਾਗ਼ੀ ਹੋਏ ਸੰਸਦ ਮੈਂਬਰਾਂ ਨੂੰ ਟਿਕਟ ਲਾਲਚ ਛੱਡ ਪਾਰਟੀ ਲਈ ਕੰਮ ਕਰਨ ਦੀ ਸਲਾਹ ਦਿੱਤੀ ਸੀ।
Surjit Singh Dhiman, Jaswinder Singh Dhiman
ਉਨ੍ਹਾਂ ਬਾਗ਼ੀਆਂ ਲਈ ਪਾਰਟੀ ਦੇ ਬੂਹੇ ਬੰਦ ਕਰ ਦਿੱਤੇ ਸਨ। ਧੀਮਾਨ ਨੇ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਨਾਲ ਪਾਰਟੀ ਦਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਸੁਪਨਾ ਟੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿਚ ਰਾਮਗੜ੍ਹੀਆ ਦੇ ਨਾਲ-ਨਾਲ ਹੋਰ ਬੀਸੀ ਭਾਈਚਾਰੇ ਦਾ ਚੰਗਾ ਆਧਾਰ ਹੈ, ਪਰ ਪਾਰਟੀ ਨੇ ਭਰੋਸਾ ਦੇਣ ਮਗਰੋਂ ਟਿਕਟ ਨਾ ਦੇਣ ਨਾਲ ਜਿੱਤੀ ਹੋਈ ਸੀਟ ਹਾਰ ਲਈ ਹੈ।
Congress
ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਕੋਲ ਪਤਾ ਨਹੀਂ ਕਿਹੜਾ ਥਰਮਾਮੀਟਰ ਹੈ ਜੋ ਦੱਸ ਦਿੰਦਾ ਹੈ ਕਿ ਇਹ ਬੰਦਾ ਇੱਥੋਂ ਸੀਟ ਜਿੱਤ ਸਕਦਾ ਹੈ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿਚ ਸੁਰਜੀਤ ਧੀਮਾਨ ਨੇ ਆਪਣੇ ਪੁੱਤਰ ਜਸਵਿੰਦਰ ਧੀਮਾਨ ਨੂੰ ਸੰਗਰੂਰ ਤੋਂ ਲੋਕ ਸਭਾ ਟਿਕਟ ਦਿਵਾਉਣ ਲਈ ਖਾਸਾ ਜ਼ੋਰ ਪਾਇਆ ਸੀ। ਪਰ ਪਾਰਟੀ ਨੇ ਸੰਗਰੂਰ ਤੋਂ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇ ਦਿੱਤੀ ਹੈ।