
ਸ਼੍ਰੋਮਣੀ ਅਕਾਲੀ ਦਲ (ਬ) ਨੇ ਲੁਧਿਆਣਾ ਲੋਕ ਸਭਾ ਹਲਕੇ ਲਈ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਉਮੀਦਵਾਰ ਐਲਾਨ ਦਿਤਾ ਹੈ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬ) ਨੇ ਲੁਧਿਆਣਾ ਲੋਕ ਸਭਾ ਹਲਕੇ ਲਈ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਉਮੀਦਵਾਰ ਐਲਾਨ ਦਿਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ. ਗਰੇਵਾਲ ਦੀ ਉਮੀਦਵਾਰ ਨੂੰ ਅੱਜ ਪ੍ਰਵਾਨਗੀ ਦੇ ਦਿਤੀ। ਕਾਂਗਰਸ ਪਾਰਟੀ ਨੇ ਲੁਧਿਆਣਾ ਹਲਕੇ ਤੋਂ ਰਵਨੀਤ ਸਿੰਘ ਬਿੱਟੂ ਨੂੰ ਹੀ ਟਿਕਟ ਦਿਤੀ ਹੈ, ਜੋ ਇਸੀ ਹਲਕੇ ਤੋਂ ਮੌਜੂਦਾ ਐਮ.ਪੀ ਹਨ। ਪੰਜਾਬ ਡੈਮੋਕਰੇਟਿਕ ਗਠਜੋੜ ਨੇ ਸਿਮਰਜੀਤ ਸਿੰਘ ਬੈਂਸ ਨੂੰ ਮੈਦਾਨ ਵਿਚ ਉਤਾਰਿਆ ਹੈ। ਅਕਾਲੀ ਦਲ ਨੇ ਅੱਜ ਦੇ ਐਲਾਨ ਨਾਲ 8 ਉਮੀਦਵਾਰ ਐਲਾਨ ਦਿਤੇ ਹਨ।
ਹੁਣ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਬਾਕੀ ਰਹਿ ਗਿਆ। ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚਰਨ ਸਿੰਘ ਬੈਂਸ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਲੁਧਿਆਣਾ ਹਲਕੇ ਦੀ ਟਿਕਟ ਦਿਤੀ ਗਈ ਹੈ। ਸ. ਗਰੇਵਾਲ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਉਹ ਸਵਰਗੀ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਸਾਥੀ ਵੀ ਰਹੇ ਹਨ। ਦਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਰਟੀ ਵਿਚ ਉਮੀਦਵਾਰ ਬਣਾਉਣ ਦੇ ਮਾਮਲੇ ਵਿਚ ਮੰਥਨ ਚਲ ਰਿਹਾ ਸੀ।
ਸਥਾਨਕ ਅਕਾਲੀ ਨੇਤਾਵਾਂ ਵਿਚ ਆਪਸੀ ਮਤਭੇਦ ਹੋਣ ਕਾਰਨ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲੁਧਿਆਣਾ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਗੱਲ ਚਲੀ ਸੀ ਪ੍ਰੰਤੂ ਉਹ ਇਸ ਲਈ ਤਿਆਰ ਨਹੀਂ ਸਨ। ਉਸ ਤੋਂ ਬਾਅਦ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਉਮੀਦਵਾਰ ਬਣਾਉਣ ਦੀ ਗੱਲ ਚਲੀ ਪ੍ਰੰਤੂ ਸ. ਗਰੇਵਾਲ ਟਿਕਟ ਦੇ ਮੁੱਖ ਦਾਅਵੇਦਾਰ ਸਨ ਅਤੇ ਉਨ੍ਹਾਂ ਨੂੰ ਉਮੀਦਵਾਰ ਨਾ ਬਣਾਉਣ ਦੇ ਸ਼ੰਕਿਆਂ ਕਾਰਨ ਉਹ ਨਰਾਜ਼ ਵੀ ਸਨ। ਅੱਜ ਅਚਾਨਕ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦਾ ਪਾਰਟੀ ਪ੍ਰਧਾਨ ਵਲੋਂ ਐਲਾਨ ਕਰ ਦਿਤਾ ਗਿਆ।