
ਕਰਫ਼ਿਊ ਦੌਰਾਨ ਹਮਲੇ 'ਚ ਜ਼ਖ਼ਮੀ ਹੋਏ ਏ.ਐਸ.ਆਈ ਦਾ ਮਾਮਲਾ
ਚੰਡੀਗੜ੍ਹ, 13 ਅਪ੍ਰੈਲ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਏ.ਐਸ.ਆਈ. ਹਰਜੀਤ ਸਿੰਘ ਜਿਸ ਦਾ ਕੱਲ ਪਟਿਆਲਾ ਵਿਖੇ ਹਮਲੇ ਵਿਚ ਹੱਥ ਵਢਿਆ ਗਿਆ ਸੀ, ਨਾਲ ਗੱਲਬਾਤ ਕਰ ਕੇ ਉਸ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਅਤੇ ਉਸ ਨੂੰ ਸੂਬਾ ਸਰਕਾਰ ਵਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।
ਮੁੱਖ ਮੰਤਰੀ ਨੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜੇਰੇ ਇਲਾਜ ਹਰਜੀਤ ਸਿੰਘ ਦੀ ਸਫ਼ਲ ਪਲਾਸਿਟਕ ਸਰਜਰੀ ਉਤੇ ਖ਼ੁਸ਼ੀ ਜ਼ਾਹਰ ਕਰਦਿਆਂ ਇਸ ਗੱਲ ਉਤੇ ਪੂਰਾ ਵਿਸ਼ਵਾਸ ਪ੍ਰਗਟਾਇਆ ਕਿ ਉਹ ਇਸ ਮੰਦਭਾਗੇ ਹਾਦਸੇ ਤੋਂ ਉਭਰਦਾ ਹੋਇਆ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਿਹਤਯਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਨੂੰ ਉਸ ਉਤੇ ਮਾਣ ਹੈ।
File Photo
ਉਨ੍ਹਾਂ ਹਰਜੀਤ ਸਿੰਘ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਸ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੈ ਤਾਂ ਉਹ ਹਸਪਤਾਲ ਵਿਚ ਮੌਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਰਾਹੀਂ ਉਨ੍ਹਾਂ (ਮੁੱਖ ਮੰਤਰੀ) ਨੂੰ ਦੱਸਣ। ਮੁੱਖ ਮੰਤਰੀ ਨੇ ਉਸ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਏ.ਐਸ.ਆਈ. ਦਾ ਹੌਸਲਾ ਵਧਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਸਾਥੀ ਦਾ ਇਹੋ ਜਿਹਾ ਤਜ਼ਰਬਾ ਸਾਂਝਾ ਕੀਤਾ ਜਿਸ ਨੇ ਅਪਣਾ ਹੱਥ ਗੁਆ ਲਿਆ ਸੀ ਅਤੇ ਇਸੇ ਤਰ੍ਹਾਂ ਦੀ ਸਰਜਰੀ ਵਿਚੋਂ ਗੁਜ਼ਰਿਆ ਸੀ।
File Photo
ਉਨ੍ਹਾਂ ਹਰਜੀਤ ਸਿੰਘ ਨੂੰ ਦਸਿਆ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ। ਮੁੱਖ ਮੰਤਰੀ, ਜਿਨ੍ਹਾਂ ਨੇ ਕੱਲ੍ਹ ਖੁਦ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹਰਜੀਤ ਸਿੰਘ ਲਈ ਸਰਰਵੋਤਮ ਹਰ ਸੰਭਵ ਡਾਕਟਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿਤੇ ਸਨ, ਨੇ ਏ.ਐਸ.ਆਈ. ਨੂੰ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰਖਿਆ ਜਾਵੇਗਾ। ਸ਼੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਹਮਲੇ ਸਬੰਧੀ ਗ੍ਰਿਫਤਾਰ ਕੀਤੇ ਗਏ ਸਾਰੇ 11 ਵਿਅਕਤੀਆਂ ਨੂੰ ਅੱਜ 11 ਦਿਨਾਂ ਦੀ ਪੁਲਿਸ ਰਿਮਾਂਡ ਉਤੇ ਭੇਜ ਦਿਤਾ ਗਿਆ ਹੈ।