
ਪੁਲਿਸ ਨੇ 10 ਘੰਟਿਆਂ ‘ਚ ਹੀ ਸੁਲਝਾਈ ਕਤਲ ਦੀ ਗੁੱਥੀ
ਹੁਸ਼ਿਆਰਪੁਰ (ਕੁਲਵਿੰਦਰ ਸਿੰਘ): ਬੇਹੱਦ ਹੌਲਨਾਕ ਘਟਨਾ ਵਿਚ ਨੇੜਲੇ ਪਿੰਡ ਬੱਸੀ ਕਾਲੇ ਖਾਂ ਵਿਖੇ ਇਕ ਪੋਤੇ ਵੱਲੋਂ ਅਪਣੀ 83 ਸਾਲਾਂ ਦਾਦੀ ਨੂੰ ਕਤਲ ਕਰਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਿਸ ਨੇ 10 ਘੰਟਿਆਂ ਵਿਚ ਹੀ ਮਾਮਲਾ ਹੱਲ ਕਰਕੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਨੌਜਵਾਨ ਜੁਵਰਾਜ ਸਿੰਘ (17 ਸਾਲ) ਨੇ ਇਸ ਵਾਰਦਾਤ ਨੂੰ ਟੀ.ਵੀ. ਸੀਰੀਅਲ ਦੇਖ ਕੇ ਅੰਜਾਮ ਦਿੱਤਾ ਸੀ ।
Crime
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ ਵਾਸੀ ਪਿੰਡ ਬੱਸੀ ਕਾਲੇ ਖਾਂ ਥਾਣਾ ਹਰਿਆਣਾ ਵਲੋਂ ਬਿਆਨ ਦਿੱਤਾ ਗਿਆ ਸੀ ਕਿ ਉਸ ਦੀ ਮਾਤਾ ਜੋਗਿੰਦਰ ਕੌਰ ਕਰੀਬ ਸਾਢੇ ਤਿੰਨ ਮਹੀਨੇ ਤੋਂ ਸੱਜੀ ਲੱਤ ਦੀ ਹੱਡੀ ਟੁੱਟਣ ਕਾਰਨ ਬੈਡ ’ਤੇ ਹੀ ਸਨ। ਹਰਜੀਤ ਸਿੰਘ ਨੇ ਦੱਸਿਆ ਕਿ 12 ਅਪ੍ਰੈਲ ਨੂੰ ਉਸ ਦੇ ਵਿਆਹ ਦੀ ਵਰ੍ਹੇਗੰਢ ਹੋਣ ਕਾਰਨ ਉਹ ਆਪਣੀ ਪਤਨੀ ਜਸਪਾਲ ਕੌਰ ਨਾਲ ਦੁਪਹਿਰ ਦੇ ਕਰੀਬ 2 ਵਜੇ ਖਰੀਦਦਾਰੀ ਲਈ ਹਰਿਆਣਾ ਵਿਖੇ ਗਏ ਹੋਏ ਸਨ।
Police Station
ਜਦੋਂ ਉਹ ਵਾਪਿਸ ਪਿੰਡ ਨੂੰ ਆ ਰਹੇ ਸਨ ਤਾਂ ਰਸਤੇ ਵਿਚ ਉਸ ਦੇ ਬੇਟੇ ਨੇ ਫੋਨ ਕਰਕੇ ਕਿਹਾ ਕਿ ਜਲਦੀ ਘਰ ਆ ਜਾਓ ਘਰ ਵਿਚ ਕੁਝ ਬੰਦਿਆਂ ਨੇ ਹਮਲਾ ਕਰ ਦਿੱਤਾ ਹੈ। ਜਦੋਂ ਹਰਜੀਤ ਸਿੰਘ ਤੇ ਉਸ ਦੀ ਪਤਨੀ ਜਸਪਾਲ ਕੌਰ ਆਪਣੇ ਇਕ ਗੁਆਂਢੀ ਨੂੰ ਨਾਲ ਲੈ ਕੇ ਮੇਨ ਗੇਟ ‘ਤੇ ਪਹੁੰਚੇ ਤਾਂ ਉਹ ਬੰਦ ਪਿਆ ਸੀ ਜਿਸ ‘ਤੇ ਉਨਾਂ ਘਰ ਦੇ ਛੋਟੇ ਗੇਟ ਰਾਹੀਂ ਦਾਖਲ ਹੋ ਕੇ ਅੰਦਰ ਦੇਖਿਆ ਕਿ ਉਨ੍ਹਾਂ ਦੀ ਮਾਤਾ ਦੇ ਬੈਡ ਨੂੰ ਅੱਗ ਲੱਗੀ ਹੋਈ ਸੀ। ਦੂਸਰੇ ਕਮਰੇ ਵਿਚ ਜੁਵਰਾਜ ਬੈਡ ਬਾਕਸ ਵਿਚ ਲੰਮਾ ਪਿਆ ਸੀ ਅਤੇ ਬੈਡ ਬਾਕਸ ਦੇ ਸਾਰੇ ਕੱਪੜੇ ਖਿਲਰੇ ਪਏ ਸਨ ਅਤੇ ਉਸ ਦੇ ਹੱਥ ਪੈਰ ਚੁੰਨੀ ਨਾਲ ਬੰਨੇ ਹੋਏ ਸਨ।
Police
ਅੱਗ ਨਾਲ ਬਜ਼ੁਰਗ ਔਰਤ ਦਾ ਸਰੀਰ ਬੁਰੀ ਤਰ੍ਹਾਂ ਸੜ ਚੁੱਕਾ। ਪੁਲਿਸ ਵਲੋਂ ਹਰਜੀਤ ਸਿੰਘ ਦੇ ਬਿਆਨਾਂ ‘ਤੇ ਥਾਣਾ ਹਰਿਆਣਾ ਵਿਖੇ ਆਈ.ਪੀ.ਸੀ. ਦੀ ਧਾਰਾ 302/201/34 ਤਹਿਤ ਮਾਮਲਾ ਦਰਜ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਸੁਲਝਾਉਣ ਲਈ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਡੀ. ਐਸ. ਪੀ. (ਦਿਹਾਤੀ) ਗੁਰਪ੍ਰੀਤ ਸਿੰਘ ਅਤੇ ਥਾਣਾ ਹਰਿਆਣਾ ਦੇ ਇੰਸਪੈਕਟਰ ਹਰਗੁਰਦੇਵ ਸਿੰਘ ‘ਤੇ ਅਧਾਰਤ ਟੀਮ ਬਣਾਈ ਗਈ ਜਿਸ ਨੇ ਬਹੁਤ ਹੀ ਬਾਰੀਕੀ ਨਾਲ ਜਾਂਚ ਕਰਦਿਆਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਸ਼ੱਕ ਦੇ ਆਧਾਰ ‘ਤੇ ਜੁਵਰਾਜ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਇਹ ਪਾਇਆ ਗਿਆ ਕਿ ਇਹ ਕਤਲ ਸੋਚੀ ਸਮਝੀ ਸਾਜਿਸ਼ ਤਹਿਤ ਜੁਵਰਾਜ ਸਿੰਘ ਵੱਲੋਂ ਹੀ ਕੀਤਾ ਗਿਆ ਸੀ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਟੀਮ ਵਲੋਂ ਪੁੱਛਗਿੱਛ ਦੌਰਾਨ ਜੁਵਰਾਜ ਨੇ ਦੱਸਿਆ ਕਿ ਉਹ ਆਪਣੀ ਦਾਦੀ ਕੋਲੋਂ ਬਹੁਤ ਦੁਖੀ ਸੀ ਅਤੇ ਉਸ ਦੇ ਕਤਲ ਬਾਰੇ ਸੋਚਦਾ ਰਹਿੰਦਾ ਸੀ। ਉਸ ਨੇ ਹੀ 12 ਅਪ੍ਰੈਲ ਨੂੰ ਦਾਦੀ ਦੇ ਸਿਰ ਵਿਚ ਲੋਹੇ ਦੀ ਰਾਡ ਨਾਲ ਸੱਟਾਂ ਮਾਰ ਕੇ ਕਤਲ ਕਰਨ ਉਪਰੰਤ ਤੇਲ ਪਾ ਕੇ ਅੱਗ ਲਾ ਦਿਤੀ।