
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਕਾਡਰ ਅਜੇ ਵੀ ਮਜ਼ਬੂਤ ਹੈ ਅਤੇ ਉਹ ਜਨਤਾ ਦੀ ਭਲਾਈ ਲਈ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਕਾਡਰ ਅਜੇ ਵੀ ਮਜ਼ਬੂਤ ਹੈ ਅਤੇ ਉਹ ਜਨਤਾ ਦੀ ਭਲਾਈ ਲਈ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਵਿਧਾਨ ਸਭਾ ਵਿਚ ਸਾਡੀ ਗਿਣਤੀ ਘੱਟ ਹੈ ਪਰ 1997 ਦੀਆਂ ਚੋਣਾਂ ਨੂੰ ਯਾਦ ਕਰੋ ਜਦੋਂ ਚੋਣਾਂ ਤੋਂ ਪਹਿਲਾਂ ਹਰਚਰਨ ਬਰਾੜ ਦੀ ਥਾਂ ਰਾਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਸ ਸਮੇਂ ਅਸੀਂ ਸਿਰਫ਼ 14 ਸੀਟਾਂ ਹੀ ਜਿੱਤ ਸਕੇ ਸੀ ਅਤੇ ਅਕਾਲੀ-ਭਾਜਪਾ ਗਠਜੋੜ ਨੂੰ 95 ਸੀਟਾਂ ਮਿਲੀਆਂ ਸਨ ਪਰ ਇਸ ਦੇ ਬਾਵਜੂਦ ਅਸੀਂ 2002 ਵਿਚ 62 ਸੀਟਾਂ ਜਿੱਤ ਕੇ ਮੁੜ ਸੱਤਾ ਵਿਚ ਆਏ। ਇਸ ਲਈ ਪਾਰਟੀ ਜਲਦੀ ਹੀ ਵਾਪਸੀ ਕਰੇਗੀ।
ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਚੋਣਾਂ ਵਿਚ ਕਾਂਗਰਸ ਦੀ ਹਾਰ ਦੇ ਕਾਰਨਾਂ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਆਮ ਤੌਰ 'ਤੇ ਲੋਕਾਂ ਨੂੰ ਸਾਡੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਸੀ ਪਰ ਪਾਰਟੀ ਦੇ ਅੰਦਰ ਆਪਸੀ ਲੜਾਈ ਅਤੇ ਵਿਚਾਰਾਂ ਦਾ ਮਤਭੇਦ ਸੀ। ਹੁਣ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਮੈਂ ਮੁੱਖ ਤੌਰ 'ਤੇ ਪਾਰਟੀ ਅੰਦਰ ਅਨੁਸ਼ਾਸਨ ਬਣਾਈ ਰੱਖਣ 'ਤੇ ਧਿਆਨ ਦੇਵਾਂਗਾ। ਜੇਕਰ ਲੋਕਾਂ ਵਿਚ ਮਤਭੇਦ ਹਨ, ਤਾਂ ਉਹ ਪਾਰਟੀ ਦੇ ਮੰਚ 'ਤੇ ਆ ਕੇ ਮੁੱਦਿਆਂ 'ਤੇ ਚਰਚਾ ਕਰ ਸਕਦੇ ਹਨ ਨਾ ਕਿ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ। ਲੋਕ ਸਾਡੇ ਲਈ ਵੋਟ ਪਾਉਣਾ ਚਾਹੁੰਦੇ ਸਨ ਪਰ ਲੜਾਈ-ਝਗੜੇ ਕਾਰਨ ਸਾਨੂੰ ਬਹੁਤ ਨੁਕਸਾਨ ਹੋਇਆ। ਵੋਟਰਾਂ ਨੇ ਸਾਡੀ ਏਕਤਾ 'ਤੇ ਸ਼ੱਕ ਕੀਤਾ ਅਤੇ ਇਸ ਨਾਲ 'ਆਪ' ਨੂੰ ਫਾਇਦਾ ਹੋਇਆ।
ਰਾਜਾ ਵੜਿੰਗ ਨੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਪਹਿਲੀ ਵਾਰ ਦੇ ਵੋਟਰਾਂ ਅਤੇ ਨੌਜਵਾਨ ਵੋਟਰਾਂ ਤੱਕ ਪਹੁੰਚਣ ਵਿਚ ਅਸਫਲ ਰਹੇ...ਸਾਡੀ ਪਾਰਟੀ ਨੇ ਬਿਜਲੀ ਦੀਆਂ ਦਰਾਂ ਵਿਚ 7 ਕਿਲੋਵਾਟ ਤੱਕ ਦੀ ਕਟੌਤੀ, ਟਰਾਂਸਪੋਰਟ ਮਾਫੀਆ 'ਤੇ ਸ਼ਿਕੰਜਾ ਕੱਸਣ, ਰੇਤ ਦੀਆਂ ਕੀਮਤਾਂ ਤੈਅ ਕਰਨ ਵਰਗੇ ਕਈ ਸੁਧਾਰ ਕੀਤੇ ਪਰ ਮੈਂ ਕੁਝ ਅਜਿਹਾ ਮਹਿਸੂਸ ਕਰਦਾ ਹਾਂ ਕਿ ਅਸੀਂ ਨੌਜਵਾਨ ਵੋਟਰਾਂ ਤੱਕ ਪਹੁੰਚਣ ਵਿਚ ਅਸਫਲ ਰਹੇ ਕਿਉਂਕਿ ਉਹ 'ਆਪ' ਦੀ ਸੋਸ਼ਲ ਮੀਡੀਆ ਮੁਹਿੰਮ ਵੱਲ ਵਧੇਰੇ ਆਕਰਸ਼ਿਤ ਸਨ। ਮੈਂ ਮੰਨਦਾ ਹਾਂ ਕਿ 'ਆਪ' ਸੋਸ਼ਲ ਮੀਡੀਆ 'ਤੇ ਸਾਡੇ ਨਾਲੋਂ ਬਿਹਤਰ ਸੀ। ਇਸ ਲਈ ਅਸੀਂ ਭਵਿੱਖ ਵਿਚ ਅਜਿਹੀਆਂ ਚੀਜ਼ਾਂ 'ਤੇ ਵਧੇਰੇ ਧਿਆਨ ਦੇਣ ਜਾ ਰਹੇ ਹਾਂ। ਰਾਜਾ ਵੜਿੰਗ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਉਹਨਾਂ ਦੀ ਤਰਜੀਹ ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਦੁਬਾਰਾ ਬਣਾਉਣਾ ਹੈ।
ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿਚ ਅਰਾਜਕਤਾ ਵਧ ਗਈ ਹੈ। ਰੇਤ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਗੀਤ 'ਤੇ ਫੋਕਸ ਕਰ ਰਹੇ ਹਨ। ਉਹਨਾਂ ਨੂੰ ਅਸਲ ਮੁੱਦਿਆਂ 'ਤੇ ਧਿਆਨ ਦੇਣ ਦੀ ਲੋੜ ਹੈ। ਅਪਣੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ “ਬਦਲਾਅ” ਦੇ ਨਾਅਰੇ ਦੀ ਸੁਨਾਮੀ ਦੇ ਬਾਵਜੂਦ, ਲੋਕਾਂ ਨੇ ਮੇਰੇ ਉੱਤੇ ਭਰੋਸਾ ਕੀਤਾ।