ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਵਿਚ ਕੀਤੇ ਟਵੀਟ
ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 16 ਅਪ੍ਰੈਲ ਨੂੰ ਤਲਬ ਕੀਤਾ ਹੈ। ਸੀਬੀਆਈ ਦੀ ਇਸ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਆਗੂਆਂ ਦਾ ਕਹਿਣਾ ਹੈ ਕਿ ਸੀਬੀਆਈ ਦੇ ਸੰਮਨ ਜ਼ਰੀਏ ਅਰਵਿੰਦ ਕੇਜਰੀਵਾਲ ਦੀ ਆਵਾਜ਼ ਨੂੰ ਦਬਾਉਣਾ ਬਹੁਤ ਮੁਸ਼ਕਿਲ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, “ਅਰਵਿੰਦ ਕੇਜਰੀਵਾਲ ਜੀ ਦੀ ਅਵਾਜ਼ ਨੂੰ ਦਬਾਉਣਾ ਬਹੁਤ ਔਖਾ ਹੈ...ਸੱਚ ਬੋਲਣ ਵਾਲੇ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਉਂਦੇ ਹਨ। ਕੋਈ ਕਿਸੇ ਨੂੰ ਲੋਕਾਂ ਦੇ ਦਿਲਾਂ ਵਿਚੋਂ ਨਹੀਂ ਮਿਟਾ ਸਕਦਾ...ਅਸੀਂ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜੇ ਹਾਂ...ਇਨਕਲਾਬ ਜਿੰਦਾਬਾਦ”।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਦਿਆਂ ਕਿਹਾ, “ਬਾਬਾ ਸਾਹਿਬ ਦੀ ਸੋਚ ਦੇ ਧਾਰਨੀ, ਸਾਫ ਸੁਥਰੀ ਰਾਜਨੀਤੀ ਦੇ ਹੀਰੋ ਅਰਵਿੰਦ ਕੇਜਰੀਵਾਲ ਜੀ ਨੂੰ ਸੀਬੀਆਈ ਦੇ ਸੰਮਨ ਜ਼ਰੀਏ ਡਰਾਉਣ ਧਮਕਾਉਣ ਨਾਲ ਕੇਂਦਰ ਸਰਕਾਰ ਸਿਹਤ ਅਤੇ ਸਿੱਖਿਆ ਖੇਤਰ ’ਚ ਚੁੱਕੇ ਜਾ ਰਹੇ ਇਨਕਲਾਬੀ ਕਦਮਾਂ ਨੂੰ ਰੋਕ ਨਹੀਂ ਸਕਦੀ”।
ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਅਰਵਿੰਦ ਕੇਜਰੀਵਾਲ ਦੇ ਹੱਕ ਵਿਚ ਟਵੀਟ ਕੀਤਾ। ਉਹਨਾਂ ਕਿਹਾ ਕਿ ਕੇਜਰੀਵਾਲ ਦੀ ਆਵਾਜ਼ ਨੂੰ ਦਬਾਉਣਾ ਬਹੁਤ ਮੁਸ਼ਕਿਲ ਹੈ। ਸੱਚ ਬੋਲਣ ਵਾਲੇ ਲੋਕਾਂ ਦੇ ਦਿਲ ਵਿਚ ਥਾਂ ਬਣਾਉਂਦੇ ਹਨ। ਕੇਂਦਰ ਸਰਕਾਰ ਦੀ ਸੀਬੀਆਈ ਉਹਨਾਂ ਦਾ ਕੁਝ ਨਹੀਂ ਵਿਗਾੜ ਸਕੇਗੀ। ਦੇਸ਼ ਦੇ ਕਰੋੜਾਂ ਬੱਚਿਆਂ, ਗਰੀਬਾਂ, ਮੱਧ ਵਰਗੀ ਲੋਕਾਂ, ਬਜ਼ੁਰਗਾਂ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਹੈ।
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਆਉਣ ਤੋਂ ਪਹਿਲਾਂ ਭਾਰਤ ਦੀ ਰਾਜਨੀਤਿਕ ਪ੍ਰਣਾਲੀ ਬਾਰੇ ਪੂਰੀ ਤਰ੍ਹਾਂ ਨਿਰਾਸ਼ਾ ਅਤੇ ਅਵਿਸ਼ਵਾਸ ਸੀ। ਉਹ ਸਾਡੇ ਸਾਰੇ ਭਾਰਤੀਆਂ ਲਈ ਉਮੀਦ ਲੈ ਕੇ ਆਏ ਹਨ। ਜਿੰਨਾ ਤੁਸੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ, ਓਨਾ ਹੀ ਉਹ ਉੱਪਰ ਉੱਠਣਗੇ।
ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ ਨੇ ਟਵੀਟ ਕੀਤਾ,”ਅਰਵਿੰਦ ਕੇਜਰੀਵਾਲ ਇਕ ਵਿਚਾਰ ਦਾ ਨਾਂਅ ਹੈ। ਉਹ ਇਕ ਸੰਸਥਾ ਹਨ, ਭਾਰਤ ਵਿਚ ਰਾਜਨੀਤਿਕ ਚੇਤੰਨਤਾ ਦਾ ਨਵਾਂ ਅਧਿਆਇ ਸ਼ੁਰੂ ਕਰਨ ਵਾਲੇ ਵਿਦਵਾਨ ਨੇਤਾ ਹਨ, ਰਾਜਨੀਤਿਕ ਸਹਿਣਸ਼ੀਲਤਾ ਨਾ ਹੋਣ ਕਰਕੇ ਵਿਰੋਧੀ ਹਰ ਤਰਾਂ ਦਾ ਦਬਾਅ ਪਾ ਸਕਦੇ ਹਨ ਪਰ ਯਾਦ ਰੱਖਿਓ ਉਹਨਾਂ ਨੂੰ ਝੁਕਾਅ ਨਹੀਂ ਸਕਦੇ !!! ਅਸੀਂ ਅਡੋਲ ਰੂਪ ਵਿਚ ਅਰਵਿੰਦ ਜੀ ਦੇ ਨਾਲ ਖੜ੍ਹੇ ਹਾਂ।“। ਇਸ ਤੋਂ ਇਲਾਵਾ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਹੱਕ ਵਿਚ ਟਵੀਟ ਕੀਤਾ ਹੈ।