
2019 ਦੀਆਂ ਆਮ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਇਸ ਲਈ ਸੂਬੇ ਦੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਅਪਣੇ ਆਕਰਸ਼ਤ ਕਰਨ ਦਾ ਕੋਈ...
ਮਾਨਸਾ : 2019 ਦੀਆਂ ਆਮ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਇਸ ਲਈ ਸੂਬੇ ਦੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਅਪਣੇ ਆਕਰਸ਼ਤ ਕਰਨ ਦਾ ਕੋਈ ਵੀ ਮੌਕਾ ਅਪਣੇ ਹੱਥੋਂ ਨਹੀਂ ਗਵਾਉਣਾ ਚਾਹੁੰਦੀਆਂ। ਹੁਣ ਇੱਥੇ ਭੀਖੀ-ਬੁਢਲਾਡਾ-ਬਰੇਟਾ ਸੜਕ ਦੇ ਨੀਂਹ ਪੱਥਰ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਅਕਾਲੀ-ਭਾਜਪਾ ਚਾਹੁੰਦੀ ਹੈ ਕਿ ਉਹ ਸੜਕ ਦਾ ਉਦਘਾਟਨ ਅਤੇ ਕਾਂਗਰਸੀ ਚਾਹੁੰਦੇ ਹਨ ਕਿ ਉਦਘਾਟਨ ਉਨ੍ਹਾਂ ਵਲੋਂ ਕੀਤਾ ਜਾਵੇ। ਅਸਲ ਵਿਚ ਸੜਕ ਦੇ ਉਦਘਾਟਨ ਕਰ ਕੇ ਹਰ ਕੋਈ ਇਸ ਦਾ ਸਿਹਰਾ ਅਪਣੇ ਸਿਰ ਲੈਣਾ ਚਾਹੁੰਦਾ ਹੈ ਤਾਂ ਜੋ ਲੋਕਾਂ ਵਿਚ ਚੰਗਾ ਸੁਨੇਹਾ ਜਾਵੇ।
Akali-Congress fight for inauguration of road
ਦਸ ਦਈਏ ਕਿ 293 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਤਕਰੀਬਨ 46 ਕਿਲੋਮੀਟਰ ਸੜਕ ਦਾ ਨੀਂਹ ਪੱਥਰ ਰੱਖਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਪਹੁੰਚ ਰਹੇ ਸਨ ਪਰ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਭਾਜਪਾ ਅਤੇ ਅਕਾਲੀ ਦਲ ਦੇ ਹੋਰ ਸੀਨੀਅਰ ਲੀਡਰ ਵੀ ਪਹੁੰਚ ਰਹੇ ਹਨ।
Akali-Congress fight for inauguration of road
ਇਸ ਤੋਂ ਇਲਾਵਾ ਪਿਛਲੇ ਕਈ ਦਿਨਾਂ ਤੋਂ ਅਕਾਲੀ-ਭਾਜਪਾ ਲੀਡਰਾਂ ਵਲੋਂ ਇਸ ਸੜਕ ਨਿਰਮਾਣ ਦਾ ਸਿਹਰਾ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਜਾ ਰਿਹਾ ਹੈ ਅਤੇ ਇਸ ਮੌਕੇ ਅਨਾਜ ਮੰਡੀ ਵਿਚ ਇਕ ਧੰਨਵਾਦੀ ਸਮਾਗਮ ਵੀ ਰੱਖਿਆ ਗਿਆ ਪਰ ਉਧਰ ਇਸ ਸੜਕ ਦੇ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਵੀ ਪਹੁੰਚ ਰਹੇ ਹਨ। ਕੈਪਟਨ ਦੀ ਆਮਦ ਕਾਰਨ ਕਾਂਗਰਸੀਆਂ ਨੇ ਵੀ ਇਸ ਸਮਾਗਮ ਵਿਚ ਜ਼ੋਰ ਸ਼ੋਰ ਨਾਲ ਸ਼ਿਰਕਤ ਕਰਨ ਲਈ ਤਿਆਰੀਆਂ ਵਿੱਢ ਲਈਆਂ ਹਨ।
Akali-Congress fight for inauguration of road
ਇਸ ਨੀਂਹ ਪੱਥਰ ਮੌਕੇ ਰੱਖੇ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਵੀ ਇਕ ਮੰਚ 'ਤੇ ਨਜ਼ਰ ਆਉਣਗੇ। ਇਸ ਸੜਕ ਨਿਰਮਾਣ ਦਾ ਸਿਹਰਾ ਜਿੱਥੇ ਅਕਾਲੀ-ਭਾਜਪਾ ਲੀਡਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਦੇ ਰਹੇ ਹਨ, ਉੱਥੇ ਕਾਂਗਰਸੀ ਆਗੂ ਇਸ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਦੱਸਦਿਆਂ ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਦੱਸ ਰਹੇ ਹਨ। ਫਿਲਹਾਲ ਗਡਕਰੀ ਦਾ ਦੌਰਾ ਰੱਦ ਹੋ ਗਿਆ ਹੈ ਪਰ ਇਸ ਦਾ ਉਦਘਾਟਨ ਕੌਣ ਕਰੇਗਾ, ਇਹ ਵੱਡਾ ਸਵਾਲ ਬਣ ਗਿਆ ਹੈ।