
ਭਾਰੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ
ਹਰੀਕੇ ਪੱਤਣ, 13 ਮਈ: ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ਼ ਦੇ ਪਾਬੰਦੀਸ਼ੁਦਾ ਖੇਤਰ ਵਿਚ ਬਾਅਦ ਦੁਪਹਿਰ ਲਗਭਗ 12 ਏਕੜ ਜ਼ਮੀਨ ’ਤੇ ਸਰਕੰਡੇ ਨੂੰ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਜੰਗਲੀ ਜੀਵ ਵਿਭਾਗ ਸੁਰੱਖਿਆ ਵਿਭਾਗ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਹਾਲਾਂਕਿ ਪੰਛੀ ਰੱਖ਼ ਵਿਚ ਅੱਗ ਨਾਲ ਨੁਕਸਾਨ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਪਰ ਅਫ਼ਸੋਸ ਹਰ ਸਾਲ ਪੰਛੀਆਂ ਦੇ ਸਵਰਗ ਵਿਚ ਅੱਗ ਲੱਗਣ ਦੇ ਬਾਵਜੂਦ ਵੀ ਵਿਭਾਗ ਕੋਲ ਅੱਗ ਬੁਝਾਊ ਯੰਤਰ ਅਤੇ ਅਮਲੇ ਦੀ ਵੱਡੀ ਘਾਟ ਰੜਕਦੀ ਹੈ।
File photo
ਜ਼ਿਕਰਯੋਗ ਹੈ ਕਿ 86 ਵਰਗ ਕਿਲੋਮੀਟਰ ਵਿਚ ਫੈਲੀ ਇਸ ਪੰਛੀ ਰੱਖ਼ ਵਿਚ ਹਰੇਕ ਸਾਲ ਯੂਰਪੀ ਦੇਸ਼ਾਂ ਦੀਆਂ ਝੀਲਾਂ ਦਾ ਪਾਣੀ ਜੰਮ ਜਾਣ ਕਰ ਕੇ ਸਰਦ ਰੁੱਤ ਦੌਰਾਨ ਸਵਾ ਲੱਖ ਤੋਂ ਵੱਧ ਅਤੇ 100 ਦੇ ਲਗਭਗ ਕਿਸਮਾਂ ਦੇ ਪੰਛੀ ਇਥੇ ਰੈਣ ਬਸੇਰਾ ਕਰ ਕੇ ਸੈਲਾਨੀਆਂ ਦੇ ਮਨ ਨੂੰ ਮੋਹ ਲੈਂਦੇ ਹਨ। ਕਈ ਵਿਲੱਖਣ ਪਰਜਾਤੀਆਂ ਦੇ ਪੰਛੀਆਂ ਨੂੰ ਨੇੜਿਉਂ ਤੱਕਣ ਲਈ ਹਰੇਕ ਸਾਲ 7 ਹਜ਼ਾਰ ਦੇ ਕਰੀਬ ਸੈਲਾਨੀ ਹਰੀਕੇ ਆਉਂਦੇ ਹਨ। ਇਸ ਸਬੰਧੀ ਗੱਲ ਕਰਨ ’ਤੇ ਵਣ ਰੇਂਜ ਅਫ਼ਸਰ ਕਮਲਜੀਤ ਸਿੰਘ ਸਿੱਧੂ ਨੇ ਜਿਥੇ ਅੱਗ ਲੱਗਣ ਨਾਲ ਝੀਲ ਦੇ ਵੱਡੇ ਨੁਕਸਾਨ ਦੇ ਖ਼ਦਸ਼ੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਜੋ ਦੋਸ਼ੀ ਪਾਏ ਗਏ ਉਨ੍ਹਾਂ ਵਿਰੁਧ ਜੰਗਲੀ ਜੀਵ ਐਕਟ 1972 ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।