
ਡੇਰਾਬੱਸੀ ਬੀ.ਡੀ.ਪੀ.ਓ. ਦਫ਼ਤਰ 'ਚ ਰੋਸ ਪ੍ਰਦਰਸ਼ਨ ਕਰਦੇ ਹੋਏ ਨਰੇਗਾ ਮੁਲਾਜ਼ਮ।
ਡੇਰਾਬੱਸੀ, 13 ਮਈ (ਗੁਰਜੀਤ ਸਿੰਘ ਈਸਾਪੁਰ): ਡੇਰਾਬੱਸੀ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਖੇ ਅੱਜ ਨਰੇਗਾ ਮੁਲਾਜ਼ਮਾਂ ਵੱਲੋਂ ਕਾਲੀਆਂ ਪੱਟੀਆਂ ਬੰਨ 'ਤੇ ਹੱਥਾਂ ਵਿੱਚ ਤਖਤੀਆਂ ਫੜ ਸੂਬਾ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਇਹ ਪ੍ਰਦਰਸ਼ਨ ਸਿਹਤ ਸਹੂਲਤਾਂ ਅਤੇ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਕੀਤਾ। ਨਰੇਗਾ ਮੁਲਾਜ਼ਮ ਯੂਨੀਅਨ ਪ੍ਰਧਾਨ ਸੀਤਲ ਸਿੰਘ ਨੇ ਇੱਕ ਪ੍ਰੈਸ ਬਿਆਨ ਜਾਰੀ ਕਰ ਕਿਹਾ ਕਿ ਕੋਵਿਡ 19 ਦੀ ਮਾਰ ਕਾਰਨ ਜਿੱਥੇ ਪੂਰੇ ਦੇਸ਼ ਦੇ ਮਜ਼ਦੂਰ ਕੰਮ ਤੋਂ ਵਿਹਲੇ ਹੋਏ ਬੈਠੇ ਹਨ ਉੱਥੇ ਪੰਜਾਬ ਵਿੱਚ ਨਰੇਗਾ ਮਜ਼ਦੂਰਾਂ ਨੂੰ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀ ਅਤੇ ਆਪਣੇ ਪਰਵਾਰ ਦੀ ਜਾਨ ਜੋਖਮ ਵਿੱਚ ਪਾ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਅਸੀ ਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਦਿਤਾ ਹੈ ਪਰ ਇਹ ਰੁਜ਼ਗਾਰ ਦੇ ਕੌਣ ਰਿਹਾ ਹੈ ਇਸਦਾ ਜਿਕਰ ਤਕ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿੱਥੇ ਨਰੇਗਾ ਮੁਲਾਜ਼ਮ ਮਜ਼ਦੂਰਾਂ ਨੂੰ ਕੰਮ ਮੁਹੱਈਆ ਕਰਵਾ ਰਹੇ ਹਨ, ਉੱਥੇ ਮੁਲਾਜ਼ਮ ਐਮਰਜੈਂਸੀ ਕਰਕੇ ਦਿਨ ਰਾਤ ਦੀਆਂ ਡਿਊਟੀਆਂ ਵੱਖਰੀਆਂ ਨਿਭਾ ਰਹੇ ਹਨ।
ਪ੍ਰਧਾਨ ਸੀਤਲ ਨੇ ਕਿਹਾ ਕਿ ਨਰੇਗਾ ਮੁਲਾਜ਼ਮਾਂ ਦੇ ਪਰਿਵਾਰ ਇਸ ਕੱਚੀ ਨੌਕਰੀ ਸਹਾਰੇ ਪਲਦੇ ਹਨ, ਪਰ ਸਰਕਾਰ ਵੱਲੋਂ ਕਈ ਕਈ ਮਹੀਨਿਆਂ ਦੀ ਤਨਖਾਹ ਨਹੀਂ ਦਿਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਨਰੇਗਾ ਅਧੀਨ ਹੋਣ ਵਾਲੇ ਹਰ ਤਰ੍ਹਾਂ ਦੇ ਕੰਮ ਮੁਕੰਮਲ ਬੰਦ ਕਰ ਦਿਤੇ ਜਾਣਗੇ।