
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ...
ਲੁਧਿਆਣਾ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਸਹੀ ਮਾਅਨਿਆਂ ਵਿਚ ਲਾਗੂ ਕਰਨ ਲਈ ਸੁਚਾਰੂ ਯਤਨ ਕੀਤੇ ਜਾਣ।ਮਿਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਪਣੇ ਦਫ਼ਤਰ ਵਿਖੇ ਸੱਦੀ ਮੀਟਿੰਗ ਵਿਚ ਸਿਹਤ, ਖੇਤੀਬਾੜੀ, ਟਰਾਂਸਪੋਰਟ, ਸਥਾਨਕ ਸਰਕਾਰ, ਸਿੱਖਿਆ, ਬਾਗਬਾਨੀ, ਲੋਕ ਨਿਰਮਾਣ, ਜਲ ਸਪਲਾਈ ਤੇ ਸੈਨੀਟੇਸ਼ਨ, ਸਹਿਕਾਰਤਾ, ਖੇਡਾਂ, ਜੰਗਲਾਤ ਅਤੇ ਹੋਰ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੇ ਭਾਗ ਲਿਆ।
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਇਸ ਦੇ ਫ਼ਾਇਦਿਆਂ ਨੂੰ ਜ਼ਮੀਨੀ ਪੱਧਰ ਤਕ ਪਹੁੰਚਾਉਣ ਦੀ ਲੋੜ ਹੈ।ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਅਜਿਹੇ ਸੰਪਰਕ ਸੂਤਰ ਪੈਦਾ ਕੀਤੇ ਜਾਣ ਜੋ ਖਾਧ ਪਦਾਰਥਾਂ ਵਿਚ ਮਿਲਾਵਟ ਸਬੰਧੀ ਸੂਚਨਾ ਦੇ ਸਕਣ ਕਿਉਂਕਿ ਰਸਾਇਣਕ ਤੌਰ 'ਤੇ ਤਿਆਰ ਕੀਤੇ ਜਾਂਦੇ ਫ਼ਲ ਅਤੇ ਸਬਜ਼ੀਆਂ ਸਿਹਤ ਲਈ ਸਭ ਤੋਂ ਵਧੇਰੇ ਖ਼ਤਰਨਾਕ ਹਨ। ਇਸ ਦਿਸ਼ਾ ਵਿਚ ਰੋਜ਼ਾਨਾ ਚੈਕਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਦਵਾਈ ਵਾਲੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਜਾਰੀ ਰੱਖਣ ਤਾਂ ਜੋ ਗ਼ੈਰ ਮਿਆਰੀ ਅਤੇ ਨਸ਼ੇ ਵਾਲੀਆਂ ਦਵਾਈਆਂ ਨੂੰ ਨਕੇਲ ਪਾਈ ਜਾ ਸਕੇ।
ਉਨ੍ਹਾਂ ਸਿਹਤ ਵਿਭਾਗ ਨੂੰ ਪਾਣੀ ਦੇ ਨਮੂਨੇ ਲੈਣ ਦੀ ਵੀ ਹਦਾਇਤ ਕੀਤੀ। ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਵਾਹਨਾਂ ਵਲੋਂ ਛੱਡੇ ਜਾਂਦੇ ਪ੍ਰਦੂਸ਼ਣ, ਪ੍ਰੈਸ਼ਰ ਹਾਰਨ ਆਦਿ 'ਤੇ ਚੈੱਕ ਰੱਖਣ। ਜੰਗਲਾਤ ਵਿਭਾਗ ਨੂੰ ਘਰ-ਘਰ ਹਰਿਆਲੀ ਪ੍ਰੋਗਰਾਮ ਤਹਿਤ ਵੱਧ ਤੋਂ ਵੱਧ ਘਰਾਂ ਨੂੰ ਪੌਦੇ ਮੁਹਈਆ ਕਰਾਉਣ ਲਈ ਕਿਹਾ ਗਿਆ।