
ਪਿਛਲੇ ਲੰਮੇ ਸਮੇਂ ਤੋਂ ਚਰਚਾ ਵਿਚ ਚੱਲੇ ਆ ਰਹੇ ਸਥਾਨਕ ਮਾਨਸਾ ਰੋਡ 'ਤੇ ਸਥਿਤ ਹਿੰਦੁਸਤਾਨ ਪਟਰੌਲੀਅਮ ਦੇ ਤੇਲ ਡਿਪੂ......
ਬਠਿੰਡਾ, ਪਿਛਲੇ ਲੰਮੇ ਸਮੇਂ ਤੋਂ ਚਰਚਾ ਵਿਚ ਚੱਲੇ ਆ ਰਹੇ ਸਥਾਨਕ ਮਾਨਸਾ ਰੋਡ 'ਤੇ ਸਥਿਤ ਹਿੰਦੁਸਤਾਨ ਪਟਰੌਲੀਅਮ ਦੇ ਤੇਲ ਡਿਪੂ ਉਪਰ ਅੱਜ ਨਾਪਤੋਲ ਵਿਭਾਗ ਪੰਜਾਬ ਦੀ ਇਕ ਉੱਚ ਪਧਰੀ ਟੀਮ ਵਲੋਂ ਛਾਪਾਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਤੇਲ ਡਿਪੂ ਅਤੇ ਨਾਪਤੋਲ ਦੇ ਅਧਿਕਾਰੀ ਕੁੱਝ ਬੋਲਣ ਤੋਂ ਬਚਦੇ ਨਜ਼ਰ ਆਏ ਪਰ ਚੱਲ ਰਹੀਆਂ ਚਰਚਾਵਾਂ ਮੁਤਾਬਕ ਤੇਲ ਮਿਣਤੀ ਵਾਲੇ ਔਜਾਰਾਂ ਵਿਚ ਤਰੁੱਟੀਆ ਸਾਹਮਣੇ ਆਉਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਨੂੰ ਰੁਟੀਨ ਦੀ ਪੜਤਾਲ ਵੀ ਦਸਿਆ ਜਾ ਗਿਆ।
ਸੂਚਨਾ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਪਟਰੌਲ ਪੰਪ ਮਾਲਕਾਂ ਦੁਆਰਾ ਅਪਣੇ ਪੰਪਾਂ 'ਤੇ ਤੇਲ ਪਹੁੰਚਾਉਣ ਵਾਲੇ ਟੈਂਕਰਾਂ ਵਿਚ ਤੇਲ ਘੱਟ ਹੋਣ ਬਾਰੇ ਰੋਲਾ ਪਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਮੀਡੀਆ ਵਿਚ ਵੀ ਕਈ ਵਾਰ ਜੱਸੀ ਚੌਕ 'ਚ ਸਥਿਤ ਤੇਲ ਡਿਪੂ ਕੋਲ ਖੜੇ ਟੈਂਕਰਾਂ ਵਿਚੋਂ ਤੇਲ ਕੱਢ ਕੇ ਅੱਗੇ ਸਸਤੇ ਭਾਅ ਵੇਚਣ ਦਾ ਮਾਮਲਾ ਸੁਰਖ਼ੀਆਂ ਵਿਚ ਰਿਹਾ ਹੈ। ਸੂਤਰਾਂ ਮੁਤਾਬਕ ਅੱਜ ਚੰਡੀਗੜ੍ਹ ਤੋਂ ਨਾਪਤੋਲ ਵਿਭਾਗ ਦੇ ਚੀਫ਼ ਕੰਟਰੋਲਰ ਜਸਵਿੰਦਰ ਸਿੰਘ ਵਾਲੀਆ ਦੀ ਅਗਵਾਈ ਹੇਠ ਪੌਣੀ ਦਰਜਨ ਅਧਿਕਾਰੀਆਂ ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਉਕਤ ਡਿਪੂ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ।
ਸੂਤਰਾਂ ਮੁਤਾਬਕ ਪੜਤਾਲ ਦੌਰਾਨ ਕੈਂਟਰਾਂ 'ਚ ਤੇਲ ਦੀ ਮਿਣਤੀ ਲਈ ਵਰਤੀ ਜਾਣ ਵਾਲੀ 'ਡਿੱਪ' ਜਿਸ ਨੂੰ ਛੜੀ ਵੀ ਕਿਹਾ ਜਾ ਸਕਦਾ ਹੈ, ਵਲੋਂ ਵੀ ਅਲੱਗ-ਅਲੱਗ ਟੈਕਰਾਂ 'ਚ ਅਲੱਗ-ਅਲੱਗ ਮਿਣਤੀ ਦਸੀ ਜਾ ਰਹੀ ਸੀ। ਸੂਤਰਾਂ ਮੁਤਾਬਕ ਕਈ ਘੰਟੇ ਇਸ ਟੀਮ ਵਲੋਂ ਡਿਪੂ ਦੇ ਤੇਲ ਟੈਂਕਾਂ ਅਤੇ ਹੋਰਨਾਂ ਔਜਾਰਾਂ ਦੀ ਵੀ ਜਾਂਚ ਕੀਤੀ ਗਈ। ਹਾਲਾਂਕਿ ਇਸ ਪੜਤਾਲ ਸਬੰਧੀ ਕੋਈ ਟਿਪਣੀ ਲਈ ਤਿਆਰ ਨਹੀਂ ਹੋਇਆ।
ਪੰਜਾਬ ਪਟਰੌਲੀਅਮ ਡੀਲਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਵਿਨੋਦ ਕੁਮਾਰ ਬਾਂਸਲ ਨੇ ਅੱਜ ਚੰਡੀਗੜ੍ਹ ਤੋਂ ਆਈ ਟੀਮ ਦੁਆਰਾ ਤੇਲ ਡਿਪੂ ਦੀ ਪੜਤਾਲ ਕਰਨ ਦੀ ਪੁਸ਼ਟੀ ਕਰਦਿਆਂ ਦੋਸ਼ ਲਾਇਆ ਕਿ ਪਿਛਲੇ ਕੁੱਝ ਸਮੇਂ ਤੋਂ ਪੰਪ ਮਾਲਕਾਂ ਨੂੰ ਪ੍ਰਤੀ ਟੈਂਕਰ 200-300 ਲਿਟਰ ਤੇਲ ਦਾ ਰਗੜਾ ਲਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੰਪਨੀਆਂ ਦੀ ਡਿਪੂ ਤੋਂ ਲੈ ਕੇ ਪੰਪ ਤਕ ਤੇਲ ਟੈਂਕਰ ਪਹੁੰਚਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰੰਤੂ ਡਿਪੂ ਦਾ ਗੇਟ ਟੱਪਦਿਆਂ ਹੀ ਕੰਪਨੀ ਅਧਿਕਾਰੀ ਅਪਣੀ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦੇ ਹੋਏ ਤੇਲ ਡਿਪੂਆਂ ਦੇ ਆਸਪਾਸ ਬਣੇ ਨੌਹਰਿਆਂ ਨੂੰ ਬੰਦ ਕਰਵਾਉਣ ਦੀ ਵੀ ਅਪੀਲ ਕੀਤੀ ਹੈ।