
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਜੇ ਉਹ ਆਮ ਆਦਮੀ ਨੂੰ ਰਾਹਤ ਦਿਵਾਉਣ ਵਾਸਤੇ...
ਚੰਡੀਗੜ੍ਹ,:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਜੇ ਉਹ ਆਮ ਆਦਮੀ ਨੂੰ ਰਾਹਤ ਦਿਵਾਉਣ ਵਾਸਤੇ ਸੱਚਮੁੱਚ ਸੰਜੀਦਾ ਹਨ ਤਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਥੱਲੇ ਲਿਆਉਣ ਦਾ ਮੁੱਦਾ ਅਗਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਉਠਾਉਣ ਲਈ ਕਹਿਣ। ਉਨ੍ਹਾਂ ਨੂੰ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਉਹ ਆਮ ਆਦਮੀ 'ਤੇ ਤੇਲ ਟੈਕਸ ਬੋਝ ਘਟਾਉਣ ਲਈ ਸਥਾਨਕ ਟੈਕਸ ਘਟਾਉਣ ਲਈ ਵੀ ਕਹਿਣ।
ਇੱਥੇ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਜੋ ਕਹਿੰਦੇ ਹਨ, ਉਸ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਵੇਖ ਕੇ ਲੱਗਦਾ ਹੈ ਕਿ ਪੈਟਰੋਲ ਦੀਆਂ ਕੀਮਤਾਂ ਦਾ ਆਮ ਆਦਮੀ ਉੱਤੇ ਬੋਝ ਪੈ ਰਿਹਾ ਹੈ, ਇਸ ਬਾਰੇ ਟਵੀਟ ਕਰਨਾ ਸੌਖਾ ਹੈ। ਕੇਂਦਰ ਸਰਕਾਰ ਉੱਤੇ ਤੇਲ ਨੂੰ ਜੀਐਸਟੀ ਥੱਲੇ ਨਾ ਲਿਆਉਣ ਲਈ ਸਵਾਲ ਕਰਨਾ ਵੀ ਸੌਖਾ ਹੈ, ਪਰ ਆਪਣੀ ਨਸੀਹਤ ਉੱਤੇ ਖੁਦ ਹੀ ਅਮਲ ਕਰਨਾ ਬਹੁਤ ਔਖਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਥੱਲੇ ਲਿਆਉਣ ਵਾਸਤੇ ਕਦਮ ਚੁੱਕਣ ਲਈ ਕਿਉਂ ਨਹੀਂ ਕਿਹਾ ਹੈ? ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਰਸਦ ਉੱਤੇ ਜੀਐਸਟੀ ਹਟਾਏ ਜਾਣ ਦੇ ਮੁੱਦੇ ਨੂੰ ਵੀ ਪੰਜਾਬ ਦੇ ਵਿੱਤ ਮੰਤਰੀ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਉਠਾਉਣ ਤੋਂ ਨਾਕਾਮ ਰਹੇ ਸਨ। ਜਿਸ ਮਗਰੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਉੱਤੇ ਸਾਰੇ ਰਾਜਾਂ ਦੀ ਸਹਿਮਤੀ ਬਣਵਾਈ ਸੀ ਅਤੇ ਇਸ ਮਸਲੇ ਨੂੰ ਹੱਲ ਕਰਵਾਇਆ ਸੀ।