
ਪੰਜਾਬ ਸਰਕਾਰ ਨੇ ਸੂਬੇ ਨੂੰ ਸਿਹਤ ਪੱਖੋਂ ਉਚਾ ਚੁੱਕਣ ਦੇ ਮਕਸਦ ਨਾਲ 'ਤੰਦਰੁਸਤ ਪੰਜਾਬ ਮੁਹਿੰਮ' ਚਲਾਈ ਗਈ
ਪੰਜਾਬ ਸਰਕਾਰ ਨੇ ਸੂਬੇ ਨੂੰ ਸਿਹਤ ਪੱਖੋਂ ਉਚਾ ਚੁੱਕਣ ਦੇ ਮਕਸਦ ਨਾਲ 'ਤੰਦਰੁਸਤ ਪੰਜਾਬ ਮੁਹਿੰਮ' ਚਲਾਈ ਗਈ ਹੈ। ਜ਼ਿਲ੍ਹਾ ਮੋਹਾਲੀ ਦੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ 'ਰੋਜ਼ਾਨਾ ਸਪੋਕਸਮੈਨ' ਦੇ ਮੁੱਖ ਦਫ਼ਤਰ ਵਿਚ ਫੇਰੀ ਪਾਈ ਅਤੇ ਦਸਿਆ ਕਿ ਉਹ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਸਿਹਤ ਗਤੀਵਿਧੀਆਂ ਨੂੰ ਨਿਵੇਕਲੇ ਅਤੇ ਬੇਹਤਰੀਨ ਢੰਗ ਨਾਲ ਨੇਪਰੇ ਚਾੜ੍ਹ ਰਹੇ ਹਨ। ਸਪੋਕੇਸਮੈਨ ਟੀਵੀ ਵਲੋਂ ਡਾ. ਰੀਟਾ ਭਾਰਦਵਾਜ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ
ਸਵਾਲ : ਪੰਜਾਬ ਸਰਕਾਰ ਵਲੋਂ ਚਲਾਈ ਗਈ 'ਤੰਦਰੁਸਤ ਪੰਜਾਬ' ਮੁਹਿੰਮ ਦਾ ਮੁੱਖ ਮੰਤਵ ਕੀ ਹੈ?
ਜਵਾਬ : ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਦਾ ਮੁੱਖ ਮੰਤਵ ਪੰਜਾਬ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦਾ ਹੈ। ਪੰਜਾਬ ਦੀ ਹਵਾ, ਪਾਣੀ ਨੂੰ ਸ਼ੁੱਧ ਕਰਨਾ ਅਤੇ ਆਮ ਜਨਤਾ ਤਕ ਸ਼ੁੱਧ ਖਾਣਾ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਇਹ ਮੁਹਿੰਮ ਚਲਾਈ ਹੈ। ਇਸ ਤੋਂ ਇਲਾਵਾ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਰੋਕਣ ਲਈ ਸੂਬਾ ਸਰਕਾਰ ਉਪਰਾਲੇ ਕਰ ਰਹੀ ਹੈ।
ਸਵਾਲ : 'ਤੰਦਰੁਸਤ ਪੰਜਾਬ' ਮੁਹਿੰਮ ਦੇ ਅੰਤਰਗਤ ਤੁਸੀਂ ਜ਼ਿਲ੍ਹਾ ਮੁਹਾਲੀ ਵਿਚ ਕੀ ਕੰਮ ਕਰ ਰਹੇ ਹੋ?
ਜਵਾਬ : ਜ਼ਿਲ੍ਹਾ ਮੁਹਾਲੀ ਵਿਚ 'ਤੰਦਰੁਸਤ ਪੰਜਾਬ ਮੁਹਿੰਮ' ਤਹਿਤ ਸਾਡੀਆਂ ਟੀਮਾਂ ਵਲੋਂ ਲੋਕਾਂ ਨੂੰ ਸਿਹਤ ਯੋਜਨਾਵਾਂ ਬਾਰੇ ਦਸਿਆ ਜਾ ਰਿਹਾ ਹੈ। ਡੇਂਗੂ ਅਤੇ ਮਲੇਰੀਆ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਚਲਾਇਆਂ ਗਈਆਂ ਵੱਖ-ਵੱਖ ਸਿਹਤ ਸਕੀਮ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤਾਂ ਜੋ ਲੋਕ ਉਨ੍ਹਾਂ ਦਾ ਯੋਜਨਾਵਾਂ ਦਾ ਪੂਰਾ ਲਾਭ ਲੈ ਸਕਣ।
ਇਸ ਦੇ ਨਾਲ ਹੀ ਸਾਡੀਆਂ ਟੀਮਾਂ ਵਲੋਂ ਭੋਜਨ ਨੂੰ ਸੁਰਖਿਅਤ ਬਣਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਆਮ ਲੋਕਾਂ ਤਕ ਸਾਫ਼-ਸੁਥਰਾ ਅਤੇ ਗ਼ੈਰ-ਮਿਲਾਵਟੀ ਭੋਜਨ ਪਹੁੰਚਾਇਆ ਜਾ ਸਕੇ। ਮੈਨੂੰ ਪੂਰਾ ਵਿਸ਼ਵਾਸ ਅਤੇ ਉਮੀਦ ਹੈ ਕਿ ਅਸੀਂ ਤੰਦਰੁਸਤ ਪੰਜਾਬ ਮੁਹਿੰਮ ਨੂੰ ਜ਼ਿਲ੍ਹਾ ਮੋਹਾਲੀ ਵਿਚ ਪੂਰੀ ਤਰ੍ਹਾਂ ਸਫ਼ਲ ਬਣਾਵਾਂਗੇ।
ਸਵਾਲ : ਐਮ.ਆਰ ਟੀਕਾਕਰਨ 'ਤੇ ਪੈਦਾ ਹੋਏ ਵਿਵਾਦ ਦਾ ਨਿਪਟਾਰਾ ਕਿਵੇਂ ਕੀਤਾ?
ਜਵਾਬ : ਐਮ.ਆਰ ਮੁਹਿੰਮ ਨੂੰ ਸ਼ੁਰੂ ਵਿਚ ਬਹੁਤ ਸਾਰੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਮੁਹਾਲੀ 'ਚ ਇਹ ਵਿਵਾਦ ਘੱਟ ਸੀ। ਬੇਸ਼ੱਕ ਸਾਨੂੰ ਕੁਝ ਸਕੂਲਾਂ ਵਲੋਂ ਇਸ ਦਾ ਵਿਰੋਧ ਦੇਖਣਾ ਪਿਆ ਪਰ ਅਸੀਂ ਇਸ ਨੂੰ ਬਹੁਤ ਹੀ ਅਸਲੀ ਨਾਲ ਹੱਲ ਕੀਤਾ। ਜਿਨ੍ਹਾਂ ਨੂੰ ਇਸ ਮੁਹਿੰਮ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਉਨ੍ਹਾਂ ਨੂੰ ਚੰਗੀ ਤਰਾਂ ਇਸ ਮੁਹਿੰਮ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਨੇ ਵੀ ਦੇਖਿਆ ਕਿ ਬਹੁਤ ਸਾਰੇ ਬੱਚਿਆਂ ਨੇ ਇਸ ਟੀਕੇ ਨੂੰ ਲਗਵਾਇਆ ਹੈ ਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਲੋਕ ਖੁਦ ਇਸ ਮੁਹਿੰਮ ਪ੍ਰਤੀ ਜਾਗਰੂਕ ਹੋਏ।
ਜਦੋ ਉਹ ਲੋਕ ਸਾਡੇ ਕੋਲ ਆਏ ਤਾਂ ਅਸੀਂ ਉਨ੍ਹਾਂ ਲਈ ਖਾਸ ਸਮਾਂ ਕੱਢ ਕੇ ਟੀਕਾਕਰਨ ਕੀਤਾ। ਹੁਣ ਅਸੀਂ ਘਰ-ਘਰ ਜਾ ਕੇ ਇਸ ਮੁਹਿੰਮ ਨੂੰ ਪੂਰਾ ਕਰ ਰਹੇ ਹਾਂ ਅਤੇ ਸਾਡਾ ਟੀਚਾ ਤਿੰਨ ਲੱਖ ਛੱਤੀ ਹਜਾਰ ਬੱਚੇ ਦਾ ਹੈ ਅਤੇ ਅਸੀਂ ਅਜੇ ਤਕ ਢਾਈ ਲੱਖ ਬੱਚੇ ਦੇ ਟੀਕਾ ਲਗਾ ਚੁੱਕੇ ਹਾਂ।
ਸਵਾਲ : ਡੇਂਗੂ ਅਤੇ ਮਲੇਰੀਆ ਬਹੁਤ ਜ਼ਿਆਦਾ ਵਧਿਆ ਹੋਇਆ ਹੈ, ਇਸ ਦੇ ਬਚਾਅ ਲਈ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ?
ਜਵਾਬ : ਇਨ੍ਹਾਂ ਬੀਮਾਰੀਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਇਕ ਵਰਕਸ਼ਾਪ ਲਗਾਈ ਹੋਈ ਹੈ। ਇਸ ਲਈ ਅਸੀਂ ਕੁੱਝ ਇਲਾਕਿਆਂ ਦੀ ਖ਼ਾਸ ਲਿਸਟ ਬਣਾਈ ਹੈ ਅਤੇ ਉਥੇ ਸਮੇਂ-ਸਮੇਂ 'ਤੇ ਜਾ ਕੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਜਾਗਰੂਕ ਕਰਾਂਗੇ। ਇਸ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਬੱਚਣ ਲਈ ਲੋਕਾਂ ਨੂੰ ਅਪਣੇ ਹੱਥ ਸਾਫ਼ ਰੱਖਣੇ ਚਾਹੀਦੇ ਹਨ ਅਤੇ ਆਲੇ-ਦੁਆਲੇ ਕੂੜਾ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ।
ਇਸ ਤੋਂ ਇਲਾਵਾ ਪਿੰਡਾਂ ਦੇ ਟੋਬੇ ਪਾਣੀ ਦਾ ਸ੍ਰੋਤ ਨਾ ਰਹਿ ਕੇ ਇਨਫ਼ੈਕਸ਼ਨ ਦਾ ਕਾਰਨ ਬਣ ਰਹੇ ਹਨ। ਅਸੀਂ ਇਨ੍ਹਾਂ ਟੋਭਿਆਂ ਵਲ ਵਿਸ਼ੇਸ਼ ਧਿਆਨ ਦੇ ਰਹੇ ਹਾਂ ਕਿ ਇਨ੍ਹਾਂ ਦੇ ਆਲੇ-ਦੁਆਲੇ ਦਰੱਖ਼ਤ ਲਗਾ ਕੇ ਇਨ੍ਹਾਂ ਨੂੰ ਬੀਮਾਰੀ ਰਹਿਤ ਕੀਤਾ ਜਾਵੇ।
(ਸਪੋਕਸਮੈਨ ਸਮਾਚਾਰ ਸੇਵਾ)