
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਫ਼ੇਸਬੁੱਕ ਪੇਜ ਹੈਕ ਹੋ ਗਿਆ ਹੈ।
ਚੰਡੀਗੜ੍ਹ, 13 ਜੂਨ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਫ਼ੇਸਬੁੱਕ ਪੇਜ ਹੈਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬਰਾੜ ਨੇ ਦਿਤੀ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਮੈਸੰਜਰ ਵਿਚ ਇਕ ਸੰਦੇਸ਼ ਮਿਲਿਆ ਸੀ ਕਿ ਜੇਕਰ ਤੁਸੀ ਸੋਸ਼ਲ ਵੀਡੀਉ ਪੋਸਟ ਉਤੇ ਸ਼ੇਅਰ ਕਰੋਗੇ ਤਾਂ ਤੁਹਾਨੂੰ ਹਫ਼ਤਾਵਾਰੀ ਅਦਾਇਗੀ ਹੋਣੀ ਸ਼ੁਰੂ ਹੋ ਜਾਵੇਗੀ। ਇਸ ਉਪਰੰਤ ਉਨ੍ਹਾਂ ਨੂੰ ਇਕ ਲਿੰਕ ਭੇਜਿਆ ਗਿਆ ਕਿ ਉਹ ਅਪਣੀ ਮਨਜ਼ੂਰੀ ਦੇਣ ਕਿਉਂਕਿ ਬਿਜ਼ਨਸ ਅਕਾਉਂਟ ਬਣਾਉਣਾ ਪੈਣਾ ਹੈ, ਇਸ ਉਤੇ ਉਨ੍ਹਾਂ ਨੇ ਅਪਣੀ ਸਹਿਮਤੀ ਦੇ ਦਿਤੀ।
File Photo
ਉਨ੍ਹਾਂ ਦਸਿਆ ਕਿ ਜਿਵੇਂ ਹੀ ਸਹਿਮਤੀ ਦਿਤੀ ਤਾਂ ਹੈਕਰ ਨੇ ਉਨ੍ਹਾਂ ਨੂੰ ਪੇਜ ਦੇ ਐਡਮਨ ਵਜੋਂ ਹਟਾ ਦਿਤਾ ਤੇ ਖ਼ੁਦ ਐਡਮਨ ਬਣ ਗਿਆ। ਉਨ੍ਹਾਂ ਦਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਹ ਹੈਕਰ ਬਹੁਤ ਹੀ ਹੈਰਾਨੀਜਨਕ ਵੀਡੀਉ ਪੇਜ ਉਤੇ ਸ਼ੇਅਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕੁੱਝ ਵੀ ਗ਼ਲਤ ਪੋਸਟ ਕਰਦਾ ਹੈ ਤਾਂ ਇਸ ਲਈ ਉਹ ਹੀ ਜ਼ਿੰਮੇਵਾਰ ਹੋਵੇਗਾ। ਬਰਾੜ ਨੇ ਦਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਜਾਣਕਾਰੀ ਦੇ ਦਿਤੀ ਹੈ ਤੇ ਇਸ ਮਾਮਲੇ ਵਿਚ ਜਲਦੀ ਹੀ ਕਾਰਵਾਈ ਹੋਣ ਦੀ ਉਮੀਦ ਹੈ।