
ਪੰਜਾਬ ਪੁਲਿਸ ਦੀ ਨੌਜਵਾਨਾਂ ਨੂੰ ਅਜਿਹੇ ਵੀਡੀਓਜ਼ ਪਰਮੋਟ ਨਾ ਕਰਨ ਦੀ ਸਲਾਹ
ਸੰਗਰੂਰ : ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਗਾਣਿਆਂ ਤੇ ਵੀਡੀਓਜ਼ ਨੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ 'ਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਗਾਣਿਆਂ ਤੋਂ ਉਤਸ਼ਾਹਿਤ ਹੋ ਕੇ ਕਈ ਨੌਜਵਾਨ ਟਿਕ-ਟਾਕ ਵਰਗੇ ਮੰਚਾਂ 'ਤੇ ਅਪਣੇ ਸ਼ੌਕ ਦਾ ਪ੍ਰਦਰਸ਼ਨ ਕਰ ਬੈਠਦੇ ਹਨ, ਜੋ ਉਨ੍ਹਾਂ ਲਈ ਬਾਅਦ 'ਚ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਇਕ ਪ੍ਰਸਿੱਧ ਗਾਇਕ ਵੀ ਗਾਣਿਆਂ ਤੋਂ ਇਲਾਵਾ ਹਕੀਕਤ 'ਚ ਹਥਿਆਰ ਚਲਾਉਣ ਦੇ ਸ਼ੌਕ ਕਾਰਨ ਸੁਰਖੀਆਂ ਵਿਚ ਆਇਆ ਸੀ ਜੋ ਅਜੇ ਤਕ ਥਾਣਿਆਂ ਦੇ ਚੱਕਰ ਕੱਟ ਰਿਹੈ।
Viral video
ਹਥਿਆਰਾਂ ਦਾ ਇਹ ਸ਼ੌਕ ਹੁਣ ਇਕ ਹੋਰ ਨੌਜਵਾਨ ਨੂੰ ਮਹਿੰਗਾ ਪੈ ਗਿਆ ਹੈ ਜਿਸ ਨੇ ਟਿਕ-ਟਾਕ 'ਤੇ ਹਵਾਈ ਫ਼ਾਇਰ ਕਰਨ ਦੀ ਵੀਡੀਓ ਬਣਾਈ ਸੀ। ਤਾਜ਼ਾ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਲਹਿਲ ਕਲਾ ਦਾ ਹੈ ਜਿੱਥੋਂ ਦੇ ਇਕ ਨੌਜਵਾਨ ਦੀ ਹਵਾਈ ਫਾਇਰ ਕਰਦੇ ਦੀ ਟਿਕ-ਟਾਕ ਵੀਡੀਓ ਵਾਇਰਲ ਹੋਈ ਸੀ।
Viral video
ਇਸ ਵੀਡੀਓ ਦੀ ਟੀਵੀ ਚੈਨਲਾਂ 'ਤੇ ਖ਼ੂਬ ਚਰਚਾ ਹੋਈ ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਹੈ। ਪੁਲਿਸ ਨੇ ਉਕਤ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ। ਸੂਤਰਾਂ ਅਨੁਸਾਰ ਵਾਇਰਲ ਵੀਡੀਓ ਵਾਲਾ ਟਿਕ-ਟਾਕ ਅਕਾਊਂਟ ਨੌਜਵਾਨ ਰਿੰਕੂ ਸਰਾਓਂ ਦੇ ਨਾਮ ਤੋਂ ਹੈ।
Viral video
ਇਸ ਨੌਜਵਾਨ ਨੇ ਵਾਇਰਲ ਹੋਈ ਵੀਡੀਓ ਤੋਂ ਇਲਾਵਾ ਹੋਰ ਚਾਰ ਵੀਡੀਓ ਵੀ ਟਿਕ-ਟਾਕ 'ਤੇ ਬਣਾਈਆਂ ਹਨ ਜਿਨ੍ਹਾਂ 'ਚ ਉਹ ਰਿਵਾਲਵਰ ਨਾਲ ਹਵਾਈ ਫ਼ਾਇਰ ਕਰਦਾ ਨਜ਼ਰੀ ਪੈਂਦਾ ਹੈ। ਇਨ੍ਹਾਂ ਵੀਡੀਓ ਦੀ ਸ਼ੂਟਿੰਗ ਡਰੋਨ ਕੈਮਰੇ ਨਾਲ ਕੀਤੀ ਗਈ ਹੈ।
Viral video
ਵੀਡੀਓਜ਼ ਵਿਚ ਉਹ ਇਕ ਪੰਜਾਬੀ ਗਾਣੇ 'ਤੇ ਕਦੇ ਪਿਸਤੌਲ ਤੋਂ ਫ਼ਾਇਰ ਕਰਦਾ ਵਿਖਾਈ ਦਿੰਦਾ ਹੈ ਅਤੇ ਕਦੇ ਦੋਨਾਲੀ ਲਹਿਰਾਉਂਦਾ ਦਿਸਦਾ ਹੈ। ਪੁਲਿਸ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਅਜਿਹੇ ਵੀਡੀਓ ਬਣਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ