
ਕੋਰੋਨਾ ਕਾਰਨ ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀਆਂ ਵਿਰੋਧ ਵਿਚ
ਚੰਡੀਗੜ੍ਹ- ਕੋਵਿਡ-19 ਦੇ ਚਲਦਿਆਂ ਪੰਜਾਬ ਯੂਨੀਵਰਸਟੀ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆਹੈ। ਜਿਥੇ ਇਕ ਪਾਸੇ ਪੀ.ਯੂ. ਦਾ ਪ੍ਰੀਖਿਆ ਵਿਭਾਗ ਤਿਆਰੀਆਂ ਵਿਚ ਲੱਗਾ ਹੋਇਆ ਹੈ ਉਧਰ ਦੂਜੇ ਪਾਸੇ ਵੱਖ-ਵੱਖ ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀਆਂ ਇਸ ਦੇ ਪੱਖ ਵਿਚ ਨਹੀਂ ਲਗਦੀਆਂ। ਪੰਜਾਬ ਫ਼ੈਡਰੇਸ਼ਨ ਆਫ਼ ਯੂਨੀਵਰਸਟੀ ਅਤੇ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (ਪੁਫੁਕਟੋ) ਦੇ ਜਨਰਲ ਸਕੱਤਰ ਡਾ. ਜਗਵੰਤ ਸਿੰਘ ਨੇ ਸਪੋਕਸਮੈਨ ਨੂੰ ਦਸਿਆ ਕਿ ਇਸ ਵੇਲੇ ਪੰਜਾਬ ਅਤੇ ਚੰਡੀਗੜ੍ਹ ਖੇਤਰ ਵਿਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ
Punjab university
ਅਜਿਹੀ ਸਥਿਤੀ ਵਿਚ ਪ੍ਰੀਖਿਆ ਨੂੰ ਲੈ ਕੇ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਪ੍ਰੋ. ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਉਚ ਸਿਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਵੀ ਇਸ ਮਾਮਲੇ 'ਤੇ ਗਲ ਕੀਤੀ ਹੈ। ਸੈਨੇਟ ਮੈਂਬਰ ਅਤੇ ਸਥਾਨਕ ਡੀਏਵੀ ਕਾਲਜ ਦੇ ਸਹਾਇਕ ਪ੍ਰੋ. ਜੇਸੀ ਮਹਿਤਾ ਨੇ ਸਪੋਕਸਮੈਨ ਨੂੰ ਦਸਿਆ ਕਿ ਉਹ ਵੀ ਪ੍ਰੀਖਿਆਵਾਂ ਕਰਾਉਣ ਦੇ ਹੱਕ ਵਿਚ ਨਹੀਂ ਹਨ। ਉਨ੍ਹਾਂ ਨੇ ਖੁਦ 29 ਮਈ ਨੂੰ ਇਕ ਪੱਤਰ ਪੰਜਾਬ ਅਤੇ ਪੀ.ਯੂ ਦੀਆਂ ਯੂਨੀਵਰਸਟੀਆਂ ਦੇ ਵੀ.ਸੀ. ਤੋਂ ਇਲਾਵਾ, ਸਿਖਿਆ ਸਕੱਤਰਾਂ ਨੂੰ ਲਿਖਿਆ ਹੈ ਕਿ ਪਿਛਲੇ ਸਮੈਸਟਰਾਂ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ਵਿਚ ਪ੍ਰਮੋਟ ਕਰਨ ਦੀ ਸਲਾਹ ਦਿਤੀ ਹੈ।
Punjab University
ਪ੍ਰੋ. ਮਹਿਤਾ ਨੇ ਦਾਅਵਾ ਕੀਤਾ ਕਿ ਕਈ ਰਾਜਾਂ ਦੀਆਂ ਯੀਵਰਸਟੀਆਂ ਅਜਿਹਾ ਕਰ ਵੀ ਚੁੱਕੀਆਂ ਹਨ। ਪ੍ਰੋ. ਮਹਿਤਾ ਦਾ ਮੰਨਣਾ ਹੈ ਕਿ ਕੋਰੋਨਾ ਦੇ ਚਲਦਿਆਂ ਸਮਾਜਕ ਦੂਰੀ ਰਖਣਾ ਸੰਭਵ ਨਹੀਂ ਹੈ। ਇਸੇ ਤਰ੍ਹਾਂ ਸੈਨੇਟ ਮੈਬਰਾਂ ਅਤੇ ਪ੍ਰਿੰਸੀਪਲ ਐਸਐਸ ਨੇ ਕਿਹਾ ਕਿ ਸਮਾਜਕ ਦੂਰੀ ਰਖ ਕੇ ਪ੍ਰੀਖਿਆ ਕਰਵਾਈਆਂ ਜਾ ਸਕਦੀਆਂ ਹਨ। ਇਕ ਕਮਰੇ ਵਿਚ 15 ਤੋਂ ਵੱਧ ਵਿਦਿਆਰਥੀ ਨਾ ਹੋਣ।
Punjab University
ਵਿਦਿਆਰਥੀ ਜਥੇਬੰਦੀਆਂ ਦਾ ਵਿਰੋਧ- ਪੰਜਾਬ ਯੂਨੀਵਰਸਟੀ ਕੈਂਪਸ ਨਾਲ ਸਬੰਧਤ ਕਈ ਵਿਦਿਆਰਥੀ ਜਥੇਬੰਦੀਆਂ ਦੀ ਪ੍ਰੀਖਿਆਵਾਂ ਦਾ ਵਿਰੋਧ ਕਰ ਰਹੀਆਂ ਹਨ। ਐਨਐਫ਼ਐਸ ਜਥੇਬੰਦੀ ਨੇ ਤਾਂ ਬਕਾਇਦਾ ਇਕ ਚਿਠੀ ਵੀ ਵੀਸੀ ਨੂੰ ਲਿਖੀ ਹੈ। ਜਿਸ ਰਾਹੀਂ ਪ੍ਰੀਖਿਆਵਾਂ ਦੀ ਤੇ ਅਗਲੀ ਕਲਾਸ ਵਿਚ ਪ੍ਰਮੋਸ਼ਨ ਦੀ ਮੰਗ ਰਖੀ ਹੈ। ਏਬੀਵੀਪੀ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਪੂਰੇ ਪ੍ਰਬੰਧਾਂ ਬਗੈਰ ਪ੍ਰੀਖਿਆਵਾਂ ਕਰਾਉਣਾ ਠੀਕ ਨਹੀਂ ਹੈ।
Punjab University
ਪਿਛਲੇ ਦਿਨੀ ਵੱਖ ਵੱਖ ਯੂਨੀਵਰਸਟੀ ਅਧਿਆਪਕ ਜਥੇਬੰਦੀਆਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਚਿਠੀ ਵਿਚ ਕਿਹਾ ਕਿ ਪ੍ਰੀਖਿਆਵਾਂ ਕਰਾਉਣ ਦੇ ਫ਼ੈਸਲੇ ਤੋਂ ਪਹਿਲਾਂ, ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮਾਮਲੇ ਨੂੰ ਲੈ ਕੇ ਸਪੋਕਸਮੈਨ ਵਲੋਂ ਕੰਟਰੋਲਰ ਪ੍ਰੀਖਿਆਵਾਂ ਨਾਲ ਸੰਪਰਕ ਦੀ ਕੋਸ਼ਿਸ਼ ਨਾਕਾਮਯਾਬ ਹੋਈ।
Punjab University
ਪਰ ਪੰਜਾਬ ਯੂਨੀਵਰਸਟੀ ਦੇ ਬੁਲਾਰੇ ਨੇ ਬੀਤੇ ਕਲ ਇਕ ਪ੍ਰੈੱਸ ਬਿਆਨ ਵਿਚ ਦਸਿਆ ਕਿ ਖੁਦ ਵੀਸੀ ਨੇ ਫ਼ੈਕਲਟੀ ਮੈਂਬਰਾਂ ਦੀ ਬੈਠਕ ਵਿਚ ਮੰਨਿਆ ਹੈ ਕਿ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਵਿਚ ਬੇਯਕੀਨੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਲੈ ਕੇ ਵਿਦਿਆਰਥੀ ਫ਼ਿਕਰ ਨਾ ਕਰਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।