
ਪੰਜਾਬ ਤੇ ਹਰਿਆਣਾ ਵਿਚ ਅੱਜ ਪਏ ਮੀਂਹ ਨਾਲ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਫਿਕੀਆਂ ਪੈ ਗਈਆਂ.........
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਵਿਚ ਅੱਜ ਪਏ ਮੀਂਹ ਨਾਲ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਫਿਕੀਆਂ ਪੈ ਗਈਆਂ। ਅੱਜ ਦਾ ਮੀਂਹ ਸਾਉਣੀ ਦੀ ਫ਼ਸਲ ਲਈ ਲਾਹੇਵੰਦ ਦਸਿਆ ਗਿਆ ਹੈ ਅਤੇ ਕਿਸਾਨ ਝੋਨੇ ਦੇ ਖੇਤਾਂ ਵਿਚ ਪਾਣੀ ਭਰਨ ਲਈ ਡੀਜ਼ਲ ਫੂਕਣ ਤੋਂ ਬਚ ਗਿਆ ਹੈ। ਪੰਜਾਬ ਵਿਚ ਸੱਭ ਤੋਂ ਜ਼ਿਆਦਾ ਬਾਰਸ਼ ਪਟਿਆਲਾ ਵਿਚ 18 ਮਿਲੀਮੀਟਰ ਹੋਈ ਹੈ। ਉਂਝ ਮਾਲਵੇ ਨਾਲੋਂ ਦੋਆਬਾ ਅਤੇ ਮਾਝਾ ਮੀਂਹ ਨੇ ਵਧੇਰੇ ਨਿਹਾਲ ਕੀਤੇ ਹਨ। ਇਹ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ 8 ਮਿਲੀਮੀਟਰ, ਅੰਮ੍ਰਿਤਸਰ ਵਿਚ 11 ਮਿਲੀਮੀਟਰ, ਜਲੰਧਰ ਵਿਚ 6 ਮਿਲੀਮੀਟਰ ਅਤੇ ਹਲਵਾਰਾ ਵਿਚ 12 ਮਿਲੀਮੀਟਰ ਮੀਹ ਰੀਕਾਰਡ ਕੀਤਾ ਗਿਆ ਹੈ।
ਚੰਡੀਗੜ੍ਹ ਵਿਚ 14 ਮਿਲੀਮੀਟਰ ਬਾਰਸ਼ ਹੋਈ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਂਸ ਦਾ ਦਸਣਾ ਹੈ ਕਿ ਇਸ ਸਾਲ ਝੋਨੇ ਹੇਠਲਾ ਰਕਬਾ 29 ਲੱਖ ਹੈਕਟੇਅਰ ਮਿਥਿਆ ਗਿਆ ਸੀ ਅਤੇ ਉਸ ਵਿਚੋਂ 26 ਲੱਖ ਹੈਕਟੇਅਰ ਵਿਚ ਬੀਜਾਈ ਹੋ ਚੁਕੀ ਹੈ। ਬਾਸਮਤੀ ਹੇਠਲਾ ਰਕਬਾ 6 ਲੱਖ ਹੈਕਟੇਅਰ ਨੂੰ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਇਸ ਵਾਰ ਪੀ.ਆਰ. 121 ਅਤੇ ਪੂਸਾ 44 ਬਣ ਗਈ ਕਿਸਾਨਾਂ ਦੀ ਪਹਿਲ ਬਣ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਪੰਜਾਬ ਤੇ ਹਰਿਆਣਾ ਵਿਚ ਬਾਰਸ਼ ਹੋਣ ਦੀ ਸੰਭਾਵਨਾ ਦਸੀ ਹੈ। ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤਾਪਮਾਨ 9 ਡਿਗਰੀ ਹੇਠਾਂ ਆ ਗਿਆ ਹੈ।