
ਬਿਹਤਰ ਹੁੰਦਾ ਬਿਜਲੀ ਮੰਤਰੀ ਵਜੋਂ ਨਿੱਜੀ ਥਰਮਲ ਪਲਾਂਟਾਂ ਤੋਂ ‘ਦਲਾਲੀ’ ਖਾਣ ਵਾਲਿਆਂ ਨੂੰ ਨੰਗਾ ਕਰਦੇ
ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਤੌਰ ਕੈਬਿਨੇਟ ਮੰਤਰੀ ਅਸਤੀਫ਼ਾ ਦਿੱਤੇ ਜਾਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ਪਾਰਟੀ ‘ਚ ਵੀ ਬਣੇ ਰਹਿਣ ਦਾ ਕੋਈ ਹੱਕ ਨਹੀਂ, ਉਨ੍ਹਾਂ ਨੂੰ ਤੁਰੰਤ ਇਸ ਭ੍ਰਿਸ਼ਟ ਕਾਂਗਰਸੀ ਪਾਰਟੀ ਛੱਡ ਦੇਣੀ ਚਾਹੀਦੀ ਹੈ।
Navjot Singh Sidhu
ਪਾਰਟੀ ਹੈੱਡਕੁਆਟਰ ‘ਤੇ ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਨਾ ਸ਼ੱਕ ਨਵਜੋਤ ਸਿੰਘ ਸਿੱਧੂ ਦੀ ਸਾਫ਼ ਸੁਥਰਾ ਸਿਆਸੀ ਅਕਸ ਅਤੇ ਪੰਜਾਬ ਕੈਬਿਨੇਟ ‘ਚ ਸਿਰਫ਼ ਨਵਜੋਤ ਸਿੰਘ ਸਿੱਧੂ ਵੱਲੋਂ ਹੀ ਬਾਦਲਾਂ ਦੇ 10 ਸਾਲਾਂ ਮਾਫ਼ੀਆ ਰਾਜ ਸਮੇਤ ਬੇਅਦਬੀਆਂ ਦੇ ਮਾਮਲਿਆਂ ‘ਤੇ ਬਾਦਲਾਂ ਵਿਰੁੱਧ ਬੇਬਾਕੀ ਨਾਲ ਬੋਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ ਨਹੀਂ ਸੀ ਆ ਰਿਹਾ, ਕਿਉਂਕਿ ਆਮ ਲੋਕਾਂ ‘ਚ ਸਿੱਧੂ ਦੇ ਵਧਦੇ ਸਿਆਸੀ ਕੱਦ ਨੂੰ ਕੈਪਟਨ ਆਪਣੀ ਕੁਰਸੀ ਲਈ ਵੀ ਖ਼ਤਰਾ ਸਮਝਣ ਲੱਗੇ ਸਨ।
Harpal Cheema
ਇਸ ਕਰਕੇ ਸਿੱਧੂ ਨੂੰ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਸੀ, ਆਖ਼ਿਰ ਸਿੱਧੂ ਨੂੰ ਅਸਤੀਫ਼ੇ ਲਈ ਮਜਬੂਰ ਕਰ ਦਿੱਤਾ ਗਿਆ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਨਵਜੋਤ ਸਿੰਘ ਸਿੱਧੂ ਬਤੌਰ ਬਿਜਲੀ ਮੰਤਰੀ ਅਹੁਦਾ ਸੰਭਾਲ ਕੇ ਪਿਛਲੀ ਬਾਦਲ ਸਰਕਾਰ ਦੌਰਾਨ ਜਨਤਕ (ਸਰਕਾਰੀ) ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਕੀਤੇ ਮਹਿੰਗੇ ਅਤੇ ਨਜਾਇਜ਼ ਸ਼ਰਤਾਂ ਵਾਲੇ ਸਮਝੌਤੇ ਰੱਦ ਕਰਦੇ ਅਤੇ ਬਾਦਲਾਂ ਦੇ ਬਿਜਲੀ ਮਾਫ਼ੀਆਂ ਨੂੰ ਨੰਗਾ ਕਰਦੇ। ਇਹ ਵੀ ਜਨਤਕ ਕਰਦੇ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਹੋਏ ਸਮਝੌਤੇ ਰੱਦ ਕਰਨ ਤੋਂ ਕਿਉਂ ਭੱਜ ਗਏ?
Navjot Singh Sidhu
ਚੀਮਾ ਨੇ ਕਿਹਾ ਕਿ ਸਿੱਧੂ ਨੇ ਸੂਬੇ ਅਤੇ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਨੂੰ ਰਾਹਤ ਦੇਣ ਦਾ ਮੌਕਾ ਖੁੰਝਾ ਲਿਆ ਹੈ, ਕਿਉਂਕਿ ਲੋਕਾਂ ਨੂੰ ਸਿੱਧੂ ਤੋਂ ਕਾਫ਼ੀ ਉਮੀਦਾਂ ਸਨ। ਇੱਕ ਸਵਾਲ ਦੇ ਜਵਾਬ ‘ਚ ਚੀਮਾ ਨੇ ਕਿਹਾ ਕਿ ਸਿੱਧੂ ਨੂੰ ਤੁਰੰਤ ਕਾਂਗਰਸ ਪਾਰਟੀ ਤੋਂ ਹੀ ਕਿਨਾਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਨਵਜੋਤ ਸਿੰਘ ਸਿੱਧੂ ਬਲਕਿ ਇਮਾਨਦਾਰ ਅਤੇ ਸਾਫ਼ ਸੁਥਰੇ ਅਕਸ ਵਾਲੇ ਹਰ ਉਸ ਆਗੂ ਦਾ ‘ਆਪ’ ‘ਚ ਸਵਾਗਤ ਹੈ, ਜੋ ਪੰਜਾਬ ਦੀ ਜਵਾਨੀ, ਕਿਸਾਨੀ, ਦਲਿਤਾਂ, ਵਪਾਰੀਆਂ, ਉਦਯੋਗਪਤੀਆਂ, ਕਰਮਚਾਰੀਆਂ, ਬੇਰੁਜ਼ਗਾਰਾਂ ਦੇ ਹੱਕ ‘ਚ ਮਾਫ਼ੀਆ ਰਾਜ ਵਿਰੁੱਧ ਡਟਣ ਦਾ ਜਜ਼ਬਾ ਰੱਖਦਾ ਹੈ।