
ਪਿਛਲੇ ਮਹੀਨੇ ਲੁਧਿਆਣਾ ਤੋਂ ਬਲਜਿੰਦਰ ਸਿੰਘ ਜਿੰਦੂ ਨਾਮੀ ਵਿਅਕਤੀ ਵਲੋਂ ਬਾਬੇ ਨਾਨਕ ਦੇ ਨਾਮ 'ਤੇ ਮੋਦੀਖਾਨਾ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਮਹੀਨੇ ਲੁਧਿਆਣਾ ਤੋਂ ਬਲਜਿੰਦਰ ਸਿੰਘ ਜਿੰਦੂ ਨਾਮੀ ਵਿਅਕਤੀ ਵਲੋਂ ਬਾਬੇ ਨਾਨਕ ਦੇ ਨਾਮ 'ਤੇ ਮੋਦੀਖਾਨਾ ਖੋਲ੍ਹ ਕੇ ਮੈਡੀਕਲ ਸਟੋਰ ਰਾਹੀਂ ਲੋਕਾਂ ਨੂੰ ਕੰਟਰੋਲ ਰੇਟ 'ਤੇ ਦਿਤੀਆਂ ਜਾ ਰਹੀਆਂ ਦਵਾਈਆਂ ਤੋਂ ਬਾਅਦ ਜਿਥੇ ਪੂਰੇ ਪੰਜਾਬ ਵਿਚ ਇਕ ਮੋਦੀਖਾਨਾ ਨਾਮ ਦੀ ਲਹਿਰ ਸਥਾਪਤ ਹੋ ਗਈ ਅਤੇ ਜਾਗਦੀ ਜ਼ਮੀਰ ਵਾਲੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੇ ਕੰਟਰੋਲ ਰੇਟ 'ਤੇ ਲੋਕਾਂ ਨੂੰ ਦਵਾਈਆਂ ਦੇਣ ਦਾ ਫ਼ੈਸਲਾ ਲਿਆ।
Guru Nanak Modikhana
ਉਥੇ ਹੀ ਇਕ ਅਜਿਹੀ ਸਖ਼ਸ਼ੀਅਤ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦੇ ਹਾਂ ਕਿ ਅੰਮ੍ਰਿਤਸਰ ਤੋਂ ਥੋੜ੍ਹੀ ਦੂਰੀ 'ਤੇ ਵੱਸਦੇ ਮਜੀਠਾ ਕਸਬੇ ਵਿਚ ਇਕ ਐਮ.ਬੀ.ਬੀ.ਐਸ ਡਾਕਟਰ ਵਲੋਂ ਪਿਛਲੇ ਪੰਤਾਲੀ ਸਾਲ ਤੋਂ ਵਾਜਿਬ ਰੇਟਾਂ ਉਤੇ ਦਵਾਈਆਂ ਮੁਹੱਈਆ ਕਰਵਾ ਕਿ ਕਸਬੇ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
File Photo
ਇਸ ਸਬੰਧੀ ਜਦੋਂ ਸਪੋਕਸਮੈਨ ਦੀ ਟੀਮ ਨੇ ਮਜੀਠਾ ਕਸਬੇ ਦਾ ਦੌਰਾ ਕੀਤਾ ਤਾਂ ਲੋਕਾਂ ਵਿਚੋਂ ਸੁਣਨ ਨੂੰ ਮਿਲਿਆ ਕਿ ਡਾਕਟਰ ਸੁਦੇਸ਼ ਕੁਮਾਰ ਜੋ ਸੁਦੇਸ਼ ਹਸਪਤਾਲ ਦੇ ਨਾਮ ਹੇਠ ਇਕ ਨਿਜੀ ਕਲੀਨਿਕ ਤੇ ਹਸਪਤਾਲ ਚਲਾ ਰਹੇ ਹਨ ਉਨ੍ਹਾਂ ਵਲੋਂ 1975 ਤੋਂ ਲੈ ਕੇ ਹੁਣ ਤਕ ਲੋਕਾਂ ਨੂੰ ਸਿਰਫ਼ ਤੇ ਸਿਰਫ਼ ਨਾ ਮਾਤਰ ਰੇਟ ਉੱਤੇ ਹੀ ਦਵਾਈਆਂ ਦਿਤੀਆਂ ਜਾਂਦੀਆਂ ਹਨ।
MBBS
ਇਸ ਸਬੰਧੀ ਜਦੋਂ ਡਾਕਟਰ ਸੁਦੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਐਮ.ਬੀ.ਬੀ.ਐਸ ਦੀ ਪੜ੍ਹਾਈ ਦੌਰਾਨ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਉਹ ਕਿੱਤੇ ਵਜੋਂ ਡਾਕਟਰ ਦਾ ਕੰਮ ਕਰਨਗੇ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣਗੇ ਅਤੇ ਬਾਕੀ ਮਰੀਜ਼ਾਂ ਨੂੰ ਵੀ ਵਾਜਿਬ ਰੇਟ ਉਤੇ ਸਾਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣਗੇ।
Guru Nanak Modikhana
ਉਨ੍ਹਾਂ ਕਿਹਾ ਕਿ ਉਨ੍ਹਾਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਉਹ ਅਪਣੇ ਸੁਪਨੇ ਨੂੰ ਪ੍ਰਮਾਤਮਾ ਦੀ ਆਪਾਰ ਕਿਰਪਾ ਨਾਲ ਨਿਰਸੁਵਾਰਥ ਸਾਕਾਰ ਕਰ ਸਕੇ ਹਨ।
ਡਾਕਟਰ ਸੁਦੇਸ਼ ਕੁਮਾਰ ਨੇ ਦਸਿਆ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਤਿੰਨ ਚਾਰ ਗੁਣਾ ਪ੍ਰਿੰਟ ਰੇਟ ਵਿਚ ਓਹਲਾ ਰੱਖ ਕੇ ਸੱਚਮੁੱਚ ਹੀ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਕੰਪਨੀਆਂ ਦੀ ਲੁੱਟ ਵਿਚ ਸਾਥ ਦੇਣ ਵਾਲੇ ਮੈਡੀਕਲ ਸਟੋਰਾਂ ਦੇ ਮਾਲਕ, ਕੈਮਿਸਟ, ਡਾਕਟਰ ਤੇ ਵੱਡੇ ਵੱਡੇ ਹਸਪਤਾਲ ਚਲਾਉਣ ਵਾਲੇ ਵੀ ਬਰਾਬਰ ਦੇ ਦੋਸ਼ੀ ਹਨ।
Medical
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੀ ਸਾਰੀ ਜ਼ਿੰਦਗੀ ਸਾਈਕਲ 'ਤੇ ਹੀ ਕੱਢ ਦਿਤੀ ਹੈ ਅਤੇ ਕੋਈ ਵੀ ਵਾਧੂ ਸ਼ੌਕ ਨਹੀਂ ਪਾਲਿਆ ਜਿਸ ਕਾਰਨ ਉਨ੍ਹਾਂ ਨੂੰ ਸਾਦਾ ਜੀਵਨ ਬਤੀਤ ਕਰਨ ਵਿਚ ਕਿਸੇ ਵੀ ਵਾਧੂ ਖ਼ਰਚੇ ਦੀ ਲੋੜ ਨਹੀਂ ਪੈਂਦੀ ਅਤੇ ਉਹ ਕੰਟਰੋਲ ਰੇਟ ਉਤੇ ਦਵਾਈਆਂ ਵੇਚ ਕੇ ਮਾਣ ਮਹਿਸੂਸ ਕਰਦੇ ਹਨ ਜਿਸ ਨਾਲ ਉਨ੍ਹਾਂ ਨੇ ਅਪਣੇ ਬੱਚੇ ਵੀ ਉੱਚ ਮੈਡੀਕਲ ਸਿਖਿਅਤ ਕਰਵਾਏ ਹਨ ਅਤੇ ਉਨ੍ਹਾਂ ਦੇ ਬੇਟੇ ਅਤੇ ਨੂੰਹਾਂ ਵੀ ਮੈਡੀਕਲ ਡਿਪਾਰਟਮੈਂਟ ਵਿਚ ਉੱਚ ਅਹੁਦਿਆਂ 'ਤੇ ਸਥਾਪਤ ਹਨ ਅਤੇ ਉਹ ਵੀ ਲੋਕਾਂ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ।
Guru Nanak Modikhana
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਅਸੀਂ ਲੋੜਵੰਦ ਮਰੀਜ਼ਾਂ ਦੀ ਲੁੱਟ ਕਰ ਕੇ ਅਪਣਾ ਘਰ ਪਾਲਦੇ ਹਾਂ ਤੇ ਸਾਡੀ ਔਲਾਦ ਵੀ ਚੰਗੇ ਆਦਰਸ਼ ਗੁਣਾਂ ਵਾਲੀ ਨਹੀਂ ਬਣਦੀ। ਉਨ੍ਹਾਂ ਮੋਦੀਖ਼ਾਨੇ ਬਾਰੇ ਗੱਲ ਕਰਦਿਆਂ ਕਿਹਾ ਕਿ ਚੱਲੋ ਦੇ ਰਾਹੀ ਦਰੁਸਤ ਆਏ ਜੇ ਕੁੱਝ ਸੁਹਿਰਦ ਲੋਕਾਂ ਨੇ ਅਜਿਹਾ ਸੁਚੱਜਾ ਫ਼ੈਸਲਾ ਲਿਆ ਹੈ ਤਾਂ ਉਹ ਵਧਾਈ ਦੇ ਪਾਤਰ ਹਨ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਲੋਕਾਂ ਦਾ ਵੱਧ-ਚੜ੍ਹ ਕੇ ਸਾਥ ਦੇਣ ਤਾਕਿ ਕੰਪਨੀਆਂ ਤੇ ਮੈਡੀਕਲ ਸਟੋਰਾਂ ਵਲੋਂ ਕੀਤੀ ਜਾਂਦੀ ਲੋਕਾਂ ਦੀ ਲੁੱਟ ਨੂੰ ਨੱਥ ਪਾਈ ਜਾ ਸਕੇ।
Punjab Government
ਉਨ੍ਹਾਂ ਹੈਲਥ ਡਿਪਾਰਟਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਕੰਪਨੀਆਂ ਵਲੋਂ ਲਾਏ ਜਾਂਦੇ ਪ੍ਰਿੰਟ ਰੇਟਾਂ ਦੇ 'ਤੇ ਸਖ਼ਤ ਕਾਨੂੰਨ ਬਣਾ ਕੇ ਇਕੋ ਹੀ ਰੇਟ ਨਸ਼ਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੋਦੀਖਾਨਾ ਦਾ ਵਿਰੋਧ ਕਰਨ ਦੀ ਬਜਾਏ ਸਗੋਂ ਖੁਦ ਅਪਣੇ-ਅਪਣੇ ਕਿੱਤੇ ਵਿਚ ਸਿਰਫ ਥੋੜ੍ਹਾ ਜਿਹੇ ਮੁਨਾਫ਼ੇ 'ਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਹੀ ਅਸੀਂ ਬਾਬਾ ਨਾਨਕ ਜੀ ਦੇ ਸੱਚੇ ਭਗਤ ਹੋਣ ਦਾ ਦਾਅਵਾ ਕਰ ਸਕਦੇ ਹਨ।