
ਪੰਜਾਬ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੌਰਾਨ ਪੰਜ ਦਿਨਾਂ ਦੇ ਵਿਸ਼ੇਸ਼ ਸੈਸ਼ਨ ਦੀ ਮੰਗ...
ਚੰਡੀਗੜ੍ਹ :- (ਨੀਲ ਭਲਿੰਦਰ ਸਿੰਘ) ਪੰਜਾਬ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੌਰਾਨ ਪੰਜ ਦਿਨਾਂ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਸਦਨ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ. ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ, ਪੰਜਾਬ ਦੇ ਨੌਜਵਾਨਾਂ ਉੱਤੇ ਬੇਰੁਜ਼ਗਾਰੀ ਅਤੇ ਡਰੱਗ ਮਾਫ਼ੀਆ ਦੀ ਮਾਰ, ਰਸੂਖਦਾਰ ਲੋਕਾਂ ਅਤੇ ਸਰਕਾਰੀ ਨਾਕਾਮੀਆਂ ਕਾਰਨ ਪ੍ਰਦੂਸ਼ਿਤ ਹੋ ਰਹੇ ਦਰਿਆ ਅਤੇ ਪਾਣੀ ਦੇ ਬਾਕੀ ਕੁਦਰਤੀ ਸਰੋਤਾਂ, ਕਰਜ਼ ਦੇ ਬੋਝ ਅਤੇ ਖੇਤੀ ਸੰਕਟ ਕਾਰਨ ਲਗਾਤਾਰ ਖੁਦਕੁਸ਼ੀਆਂ
ਕਰ ਰਹੇ ਕਿਸਾਨਾਂ-ਖੇਤ ਮਜ਼ਦੂਰਾਂ ਸਮੇਤ ਦਲਿਤ ਸਮਾਜ ਨਾਲ ਸੰਬੰਧਿਤ ਮੁੱਦਿਆਂ ਦੇ ਸਾਰਥਿਕ ਹੱਲ ਲਈ ਇੱਕ-ਇੱਕ ਦਿਨ ਸੰਜੀਦਾ ਬਹਿਸ ਨੂੰ ਸਮਰਪਿਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਇੱਕ ਦਿਨ ਦਾ ਸੈਸ਼ਨ ਪੰਜਾਬ ਦੀਆਂ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਵਰਗੇ ਰਵਾਇਤੀ ਮੁੱਦਿਆਂ ਲਈ ਰਾਖਵਾਂ ਰੱਖਣ ਦੀ ਮੰਗ ਕੀਤੀ ਤਾਂ ਕਿ ਇਹਨਾਂ ਸਾਰੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਪੰਜਾਬ ਵਿਧਾਨ ਸਭਾ 'ਚ ਮੌਜੂਦ ਸਾਰੀਆਂ ਪਾਰਟੀਆਂ ਆਪਣਾ-ਆਪਣਾ ਸਟੈਂਡ ਸਪੱਸ਼ਟ ਕਰਨ। 'ਆਪ' ਦੇ ਮੁੱਖ ਦਫਤਰ ਰਾਹੀਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ
Legislative Assembly
ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਉੱਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਪੈਰਵੀ ਵੀ ਪਿਛਲੀ ਬਾਦਲ ਸਰਕਾਰ ਦੀ ਤਰ੍ਹਾਂ ਗਹਿਰੇ ਸ਼ੱਕ ਅਤੇ ਸ਼ੰਕੇ ਪੈਦਾ ਕਰ ਰਹੀ ਹੈ। ਜਾਂਚ ਕਮਿਸ਼ਨ ਅਤੇ ਪੁਲਸ ਦੀ ਜਾਂਚ ਦੌਰਾਨ ਕੜੀਆਂ ਜੁੜਨ ਦੇ ਬਾਵਜੂਦ ਵੱਡੇ ਅਕਾਲੀ ਨੇਤਾਵਾਂ ਅਤੇ ਪੁਲਸ ਅਫ਼ਸਰਾਂ 'ਤੇ ਕਾਰਵਾਈ ਦੀ ਥਾਂ ਇਸ ਨੂੰ ਸੀਬੀਆਈ ਦੇ ਹਵਾਲੇ ਕਰਨਾ ਜਾਂਚ ਨੂੰ ਫ਼ੈਸਲਾਕੁਨ ਮੋੜ 'ਤੇ ਪਹੁੰਚਾਉਣ ਦੀ ਥਾਂ ਲਟਕਾ ਕੇ ਦੋਸ਼ੀਆਂ ਨੂੰ ਬਚਾਉਣ ਵਾਲਾ ਕਦਮ ਹੈ। ਇਸ ਲਈ ਆਮ ਆਦਮੀ ਪਾਰਟੀ ਇਸ ਸੰਵੇਦਨਸ਼ੀਲ ਮੁੱਦੇ 'ਤੇ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ
harpal singh cheema
ਚਾਹੁੰਦੀ ਹੈ ਤਾਂ ਕਿ ਪਾਰਟੀ ਵਿਰੋਧੀ ਧਿਰ ਦੀ ਸਾਰਥਿਕ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਦੇ ਲੋਕਾਂ ਅਤੇ ਦੇਸ਼-ਵਿਦੇਸ਼ 'ਚ ਬੈਠੇ ਪੰਜਾਬੀਆਂ ਦੇ ਸ਼ੱਕ-ਸ਼ੰਕਿਆਂ ਅਤੇ ਦੋਸ਼ਾਂ ਦਾ ਜਵਾਬ ਸਰਕਾਰ ਤੋਂ 'ਆਨ ਰਿਕਾਰਡ' ਲੈ ਸਕੇ। ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦੌਰਾਨ ਇੱਕ ਦਿਨ ਨਸ਼ਿਆਂ ਦਾ ਪ੍ਰਕੋਪ, ਬੇਲਗ਼ਾਮ ਡਰੱਗ ਮਾਫ਼ੀਆ ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਸਮਰਪਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰ ਕੇ ਨਸ਼ੇ ਦੇ ਵਪਾਰੀਆਂ ਨੂੰ ਜੇਲ੍ਹ 'ਚ ਸੁੱਟਣ ਦੀ ਸਹੂੰ ਅਤੇ ਘਰ-ਘਰ ਸਰਕਾਰੀ ਨੌਕਰੀ ਦੇ ਵਾਅਦੇ ਦਾ ਹਿਸਾਬ-ਕਿਤਾਬ ਇਸ ਸੈਸ਼ਨ ਦੌਰਾਨ ਦੇਣਾ ਪਵੇਗਾ।
AAP
ਇਸੇ ਤਰ੍ਹਾਂ ਵੱਡੇ ਉਦਯੋਗਪਤੀ ਘਰਾਣਿਆਂ, ਰਸੂਖਦਾਰ ਫ਼ੈਕਟਰੀ ਮਾਲਕਾਂ ਅਤੇ ਸਰਕਾਰ ਦੀਆਂ ਪ੍ਰਸ਼ਾਸਨਿਕ ਅਤੇ ਨੀਤੀਗਤ ਕਮਜ਼ੋਰੀਆਂ ਕਾਰਨ ਪਲੀਤ ਕੀਤੇ ਜਾ ਰਹੇ ਦਰਿਆ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਦਾ ਇੱਕ ਦਿਨ ਵਾਤਾਵਰਨ ਨੂੰ ਸਮਰਪਿਤ ਕੀਤਾ ਜਾਵੇ, ਜਿਸ ਦੌਰਾਨ ਦਿਨ ਪ੍ਰਤੀ ਦਿਨ ਡੂੰਘਾ ਜਾ ਰਹੇ ਭੌਂ-ਜਲ 'ਤੇ ਵੀ ਸੰਜੀਦਾ ਚਰਚਾ ਜ਼ਰੂਰੀ ਹੈ। ਚੀਮਾ ਨੇ ਕੈਪਟਨ ਸਰਕਾਰ ਦੇ ਚੋਣ ਵਾਅਦੇ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਹਰ ਰੋਜ਼ ਭਾਰੀ ਹੋ ਰਹੀ ਕਰਜ਼ ਦੀ ਪੰਡ ਨੂੰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਲਗਾਤਾਰ ਵੱਧ ਰਹੀਆਂ ਆਤਮ ਹੱਤਿਆਵਾਂ ਦਾ ਮੁੱਖ ਕਾਰਨ ਦੱਸਿਆ।
farmer suicide
ਉਨ੍ਹਾਂ ਕਿਹਾ ਕਿ ਪਿਛਲੇ 30 ਦਿਨਾਂ 'ਚ 34 ਕਿਸਾਨਾਂ ਤੇ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ ਦੀਆਂ ਰਿਪੋਰਟਾਂ ਨਜ਼ਰਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ। ਇਸ ਲਈ ਜਿੱਥੇ ਕੈਪਟਨ ਸਰਕਾਰ ਵੱਲੋਂ ਹੁਣ ਤੱਕ ਉਠਾਏ ਗਏ ਕਦਮਾਂ ਦਾ ਹਿਸਾਬ ਮੰਗਿਆ ਜਾਵੇਗਾ, ਉੱਥੇ ਕੇਂਦਰ ਸਰਕਾਰ 'ਚ ਹਿੱਸੇਦਾਰ ਅਕਾਲੀ-ਭਾਜਪਾ ਤੋਂ ਵੀ ਸਵਾਮੀਨਾਥਨ ਸਮੇਤ ਹੋਰ ਵਾਅਦਿਆਂ ਦਾ ਰਿਪੋਰਟ ਮੰਗੀ ਜਾਵੇਗੀ। ਇਸ ਲਈ ਇੱਕ ਦਿਨ ਕਿਸਾਨਾਂ-ਮਜੂਦਰਾਂ ਅਤੇ ਦਲਿਤ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦੇ ਸੰਜੀਦਾ ਹੱਲ ਕੱਢਣ ਨੂੰ ਸਮਰਪਿਤ ਕੀਤਾ ਜਾਵੇ।
ਐਡਵੋਕੇਟ ਚੀਮਾ ਨੇ ਸੈਸ਼ਨ ਦਾ ਇੱਕ ਦਿਨ ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦਿਆਂ 'ਤੇ ਮੰਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਮੁੱਦਿਆਂ 'ਤੇ ਜਿੱਥੇ ਆਪਣਾ ਪੱਖ ਪਵਿੱਤਰ ਸਦਨ 'ਚ ਸਪੱਸ਼ਟ ਕਰੇਗੀ ਉੱਥੇ ਇਹਨਾਂ ਸੰਵੇਦਨਸ਼ੀਲ ਅਤੇ ਭਾਵੁਕ ਮੁੱਦਿਆਂ 'ਤੇ ਵੋਟ ਦੀ ਰਾਜਨੀਤੀ ਕਰਦੇ ਆ ਰਹੇ ਬਾਦਲ, ਕੈਪਟਨ ਅਤੇ ਭਾਜਪਾ ਦੀ ਭੂਮਿਕਾ ਦਾ ਲੇਖਾ-ਜੋਖਾ ਵੀ ਮੰਗਿਆ ਜਾਵੇਗਾ। ਚੀਮਾ ਨੇ ਸਪੱਸ਼ਟ ਕੀਤਾ ਕਿ ਇਹ ਪੰਜ ਦਿਨ ਸੈਸ਼ਨ ਦੇ ਵਿਧਾਨਿਕ ਕੰਮਾਂ-ਕਾਰਾਂ ਲਈ ਨਿਰਧਾਰਿਤ ਦਿਨਾਂ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਅਤੇ ਸਮੁੱਚੇ ਸਦਨ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ।