'ਤੂੰ ਤੂੰ ਮੈਂ ਮੈਂ' ਦੇ ਨਜ਼ਾਰੇ, ਸਾਡਾ ਸੱਭ ਦਾ ਅਕਸ ਅਤੇ ਸੂਬੇ ਦਾ ਅਕਸ ਵੀ ਵਿਗਾੜ ਕੇ ਰੱਖ ਦੇਣਗੇ!
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਤਾਂ ਖ਼ਤਮ ਹੋ ਗਿਆ ਹੈ ਪਰ ਜਾਂਦਾ ਜਾਂਦਾ ਇਹ ਇਕ ਕੌੜਾ ਸਵਾਦ ਅਪਣੇ ਪਿੱਛੇ ਛੱਡ ਗਿਆ ਹੈ। ਪਿਛਲੇ ਕੁੱਝ ਸਾਲਾਂ ਤੋਂ ਸਿਆਸਤਦਾਨਾਂ ਦੇ ਜਨਤਾ ਸਾਹਮਣੇ ਦੇ ਵਤੀਰੇ ਨੂੰ ਅਤਿ ਦੀ ਗਿਰਾਵਟ ਵਲ ਜਾਂਦਿਆਂ, ਸ਼ਰੇਆਮ ਵੇਖਿਆ ਗਿਆ ਹੈ ਪਰ ਸ਼ਾਇਦ ਇਸ ਤਰ੍ਹਾਂ ਸ਼ਰੀਕਾਂ ਦੀਆਂ ਸਿਠਣੀਆਂ ਨੇ ਵਿਧਾਨ ਸਭਾ ਵਿਚ ਅਪਣਾ ਰੰਗ ਪਹਿਲਾਂ ਕਦੇ ਨਹੀਂ ਵਿਖਾਇਆ ਹੋਵੇਗਾ ਜਿਵੇਂ ਹੁਣ ਵੇਖਿਆ ਗਿਆ ਹੈ। ਪੰਜਾਬ ਦੀ ਵਿੱਤੀ ਹਾਲਤ ਮਾੜੀ ਹੈ, ਇਸ ਬਾਰੇ ਤਾਂ ਸਾਰੇ ਜਾਣੂ ਹਨ, ਭਾਵੇਂ ਇਸ ਦੀ ਜ਼ਿਆਦਾ ਜ਼ਿੰਮੇਵਾਰੀ ਸਾਬਕਾ ਸਰਕਾਰ ਉਤੇ ਹੀ ਆਉਂਦੀ ਹੈ। ਅਜਿਹੇ ਵਿਚ ਉਨ੍ਹਾਂ ਤੋਂ ਇਕ ਜ਼ਿੰਮੇਵਾਰ ਵਿਰੋਧੀ ਧਿਰ ਦੀ ਉਮੀਦ ਰੱਖੀ ਜਾਂਦੀ ਸੀ। ਬੈਂਸ ਭਰਾ ਹਰ ਮਸਲੇ ਨੂੰ ਲੈ ਕੇ ਵਿਧਾਨ ਸਭਾ ਨੂੰ ਮਹਾਂਭਾਰਤ ਦਾ ਮੈਦਾਨ ਬਣਾ ਲੈਂਦੇ ਹਨ। ਰੇਤੇ ਦੀ ਕੀਮਤ ਬਾਰੇ ਸਵਾਲ ਚੁਕਣਾ ਵਾਜਬ ਸੀ ਪਰ ਵਿਧਾਨ ਸਭਾ ਅੰਦਰ ਤਾਂ ਚਰਚਾ ਅਤੇ ਸਾਊ ਢੰਗ ਦੀ ਬਹਿਸ ਹੀ ਜਾਇਜ਼ ਹੁੰਦੀ ਹੈ ਅਤੇ ਪ੍ਰਦਰਸ਼ਨ ਕਰਨ ਲਈ ਬਾਕੀ ਸਾਰਾ ਸਾਲ ਸੜਕਾਂ ਖ਼ਾਲੀ ਪਈਆਂ ਹੁੰਦੀਆਂ ਹਨ।
ਵਿਰੋਧੀ ਧਿਰ ਦਾ ਇਕ ਵੱਡਾ ਭਾਗ ਪ੍ਰਵਾਰਕ ਸ਼ਰੀਕੇਬਾਜ਼ੀ ਨੂੰ ਅੱਗੇ ਰੱਖ ਕੇ ਹੀ ਤੀਰ ਚਲਾਉਂਦਾ ਰਿਹਾ ਭਾਵੇਂ ਨਾਂ ਬਜਟ ਦਾ ਲੈਂਦਾ ਰਿਹਾ। ਇਕ ਸਾਬਕਾ ਵਿੱਤ ਮੰਤਰੀ ਕੋਲ ਠੋਸ ਅੰਕੜਿਆਂ ਦਾ ਸਹਾਰਾ ਤਾਂ ਸੀ ਪਰ ਹਮਲੇ ਰਾਜੇ ਦੇ ਦਰਬਾਰ ਵਿਚ ਬੈਠੀਆਂ ਸ਼ਖ਼ਸੀਅਤਾਂ ਉਤੇ ਹੀ ਕੀਤੇ ਜਾਂਦੇ ਰਹੇ। ਜਿਸ ਤਰ੍ਹਾਂ ਤਿੰਨਾਂ ਪਾਰਟੀਆਂ ਦੇ ਆਗੂ, ਮੁੱਕਾਬਾਜ਼ੀ ਅਤੇ ਗਾਲੀ ਗਲੋਚ ਤਕ ਪਹੁੰਚ ਗਏ, ਸਪੀਕਰ ਦੀ ਬੇਬਸੀ, ਪੰਜਾਬ ਦੀ ਬੇਬਸੀ ਬਣ ਗਈ। ਚਾਹੀਦਾ ਤਾਂ ਇਹ ਸੀ ਕਿ ਇਹ ਸਾਰੇ ਅਪਣੀਆਂ ਆਪਸੀ ਰੰਜਿਸ਼ਾਂ ਭੁਲਾ ਕੇ ਪੰਜਾਬ ਦੇ ਹਿਤ ਵਿਚ ਸਰਕਾਰ ਤੋਂ ਸਖ਼ਤ ਪਰ ਢੁਕਵੇਂ ਸਵਾਲ ਪੁਛਦੇ ਪਰ ਤੂੰ ਤੂੰ, ਮੈਂ ਮੈਂ ਅਤੇ 'ਬਾਹਰ ਆ ਜਾ, ਮੈਂ ਤੈਨੂੰ ਵੇਖ ਲਵਾਂਗਾ' ਵਰਗੀਆਂ ਗੱਲਾਂ ਨੇ ਇਨ੍ਹਾਂ ਸਿਆਸਤਦਾਨਾਂ ਦਾ ਅਕਸ, ਇਨ੍ਹਾਂ ਦੇ ਅਪਣੇ ਵੋਟਰਾਂ ਦੀ ਨਜ਼ਰ ਵਿਚ ਬਹੁਤ ਹੀ ਖ਼ਰਾਬ ਕਰ ਕੇ ਰੱਖ ਦਿਤਾ ਹੈ। ਬਾਹਰਲੀ ਦੁਨੀਆਂ ਵਿਚ ਪੰਜਾਬ ਦਾ ਅਕਸ ਵੀ ਓਨਾ ਹੀ ਖ਼ਰਾਬ ਹੋਣ ਦਾ ਡਰ ਹੈ। -ਨਿਮਰਤ ਕੌਰ