
ਕੋਵਿਡ ਦੀਆਂ ਦੋਨੋਂ ਖ਼ੁਰਾਕਾਂ ਵੀ ਲੱਗੀਆਂ ਹੋਣੀਆਂ ਚਾਹੀਦੀਆਂ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਮਵਾਰ ਤੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਲਈ ਮੁਕੰਮਲ ਕੋਵਿਡ ਟੀਕਾਕਰਨ ਜਾਂ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰਨ ਦੇ ਆਦੇਸ਼ ਦਿੱਤੇ ਹਨ, ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੋਂ ਆਉਣ ਵਾਲੇ ਲੋਕਾਂ ਦੀ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ ਕਿਉਂ ਜੋ ਇਨ੍ਹਾਂ ਸੂਬਿਆਂ ਵਿੱਚ ਕੋਵਿਡ ਪਾਜ਼ੇਟਿਵ ਕੇਸ ਵਧ ਰਹੇ ਹਨ।
Punjab CM Captain Amarinder Singh orders mandatory full Covid vaccination or negative RTPCR report for all those entering the state from Monday, with strict monitoring particularly of those coming from Himachal Pradesh & Jammu, which are showing increased positivity: State Govt pic.twitter.com/ykXdGmLSwD
— ANI (@ANI) August 14, 2021
ਸਕੂਲਾਂ ਵਿੱਚ ਕੋਵਿਡ ਦੇ ਮਾਮਲਿਆਂ ਦੀਆਂ ਰਿਪੋਰਟਾਂ ਦਰਮਿਆਨ ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਿਰਫ਼ ਮੁਕੰਮਲ ਟੀਕਾਕਰਨ ਵਾਲੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ, ਜਾਂ ਜੋ ਹਾਲ ਹੀ ਵਿੱਚ ਕੋਵਿਡ ਤੋਂ ਸਿਹਤਯਾਬ ਹੋਏ ਹਨ, ਸਕੂਲਾਂ ਅਤੇ ਕਾਲਜਾਂ ਵਿੱਚ ਨਿੱਜੀ ਤੌਰ `ਤੇ ਪੜ੍ਹਾਉਣਗੇ ਅਤੇ ਸਾਰੇ ਬੱਚਿਆਂ ਲਈ ਆਨਲਾਈਨ ਪੜ੍ਹਾਈ ਦਾ ਬਦਲ ਉਪਲਬਧ ਰਹੇਗਾ।
CM PunjabCM Punjab
ਉਨ੍ਹਾਂ ਨੇ ਟੀਕਾਕਰਨ ਲਈ ਅਧਿਆਪਕਾਂ ਅਤੇ ਗੈਰ-ਅਧਿਆਪਨ ਅਮਲੇ ਨੂੰ ਤਰਜੀਹ ਦੇਣ ਦੇ ਆਦੇਸ਼ ਵੀ ਦਿੱਤੇ ਅਤੇ ਵਿਸ਼ੇਸ਼ ਕੈਂਪ ਲਾ ਕੇ ਇਸ ਮਹੀਨੇ ਦੇ ਅੰਦਰ ਟੀਕਾਕਰਨ ਦੀ ਪਹਿਲੀ ਖ਼ੁਰਾਕ ਯਕੀਨੀ ਬਣਾਉਣ ਅਤੇ ਦੂਜੀ ਖੁਰਾਕ ਲਈ ਵੀ ਉਨ੍ਹਾਂ ਨੂੰ ਤਰਜੀਹ ਦੇਣ ਲਈ ਕਿਹਾ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਆਪਕਾਂ ਅਤੇ ਸਕੂਲ ਦੇ ਹੋਰ ਸਟਾਫ ਲਈ ਦੂਜੀ ਖੁਰਾਕ ਨੂੰ ਤਰਜੀਹ ਦੇਣ ਲਈ ਦੋ ਖੁਰਾਕਾਂ ਵਿਚਲੇ ਅੰਤਰ ਨੂੰ ਘਟਾਉਣ ਦਾ ਸੁਝਾਅ ਦਿੱਤਾ।
CM Punjab
ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਿਮਾਚਲ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਾਜ਼ੇਟਿਵਿਟੀ ਦਰ ਬਾਰੇ ਚਿੰਤਾ ਜ਼ਾਹਰ ਕੀਤੀ ਜਿਸ ਨਾਲ ਪਿਛਲੇ ਹਫਤੇ ਦੌਰਾਨ ਪੰਜਾਬ ਵਿੱਚ ਪਾਜ਼ੇਟਿਵਿਟੀ ਦਰ ਵੀ 0.2 ਫੀਸਦੀ ਤੱਕ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਅਤੇ ਆਰ.ਓ. 1.05% ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਬਰਿਜ ਦੇ ਅਧਿਐਨ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਅਗਲੇ 64 ਦਿਨਾਂ ਵਿੱਚ ਕੇਸ ਦੁੱਗਣੇ ਹੋਣ ਦੀ ਸੰਭਾਵਨਾ ਹੈ, ਇਸ ਲਈ ਪਹਿਲਾਂ ਤੋਂ ਲਾਗੂ ਸਿਹਤ ਪ੍ਰੋਟੋਕਾਲ ਵਿੱਚ ਵਾਧਾ ਕਰਦਿਆਂ ਨਵੀਆਂ ਪਾਬੰਦੀਆਂ ਐਲਾਨੀਆਂ ਗਈਆਂ ਹਨ।
Corona Case
ਮੁੱਖ ਮੰਤਰੀ ਨੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਦੇ ਘੱਟੋ-ਘੱਟ 10, 000 ਟੈਸਟ ਪ੍ਰਤੀ ਦਿਨ ਲੈਣ ਦੇ ਆਦੇਸ਼ ਦਿੱਤੇ। ਉਨ੍ਹਾਂ 0.2 % ਤੋਂ ਉੱਪਰ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹਿਆਂ/ਸ਼ਹਿਰਾਂ ਨੂੰ ਸਥਿਤੀ ਵਿੱਚ ਸੁਧਾਰ ਹੋਣ ਤੱਕ ਚੌਥੀ ਅਤੇ ਇਸ ਤੋਂ ਹੇਠਲੀਆਂ ਕਲਾਸਾਂ ਲਈ ਨਿੱਜੀ ਤੌਰ `ਤੇ ਪੜ੍ਹਾਈ ਬੰਦ ਕਰਨ ਲਈ ਕਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਮੁਕੰਮਲ ਟੀਕਾਕਰਨ ਅਤੇ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਦਾ ਨਿਯਮ ਉਨ੍ਹਾਂ ਸਭਨਾਂ `ਤੇ ਲਾਗੂ ਹੋਵੇਗਾ, ਜੋ ਪੰਜਾਬ ਵਿੱਚ ਸੜਕੀ, ਰੇਲ ਜਾਂ ਹਵਾਈ ਮਾਰਗ ਰਾਹੀਂ ਦਾਖਲ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਵਿੱਚੋਂ ਕੋਈ ਵੀ ਨਾ ਹੋਣ ਦੀ ਸੂਰਤ ਵਿੱਚ ਉਸ ਵਿਅਕਤੀ ਦਾ ਆਰ.ਏ.ਟੀ. ਟੈਸਟ ਲਾਜ਼ਮੀ ਹੋਵੇਗਾ, ਬਸ਼ਰਤੇ ਕਿ ਉਹ ਹਾਲ ਹੀ ਵਿੱਚ ਕੋਵਿਡ ਤੋਂ ਠੀਕ ਹੋਇਆ ਹੋਵੇ।
ਹਾਲ ਹੀ ਵਿੱਚ ਸੂਬੇ ਵਿੱਚ ਕੁਝ ਕਲਾਸਾਂ ਲਈ ਦੁਬਾਰਾ ਖੋਲ੍ਹੇ ਗਏ ਸਕੂਲਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਸਕੂਲਾਂ ਵਿੱਚ ਉੱਚ ਪਾਜ਼ੇਟਿਵਿਟੀ ਦਰ ਦੀਆਂ ਕੁਝ ਰਿਪੋਰਟਾਂ ਹਨ, ਪਰ ਸਖ਼ਤ ਜਾਂਚ ਵਿੱਚ ਇਹ ਅਸਲੀਅਤ ਸਾਹਮਣੇ ਆਈ ਹੈ ਕਿ ਪਿਛਲੇ ਹਫ਼ਤੇ ਦੀ ਸਮੁੱਚੀ ਪਾਜ਼ੇਟਿਵਿਟੀ ਦਰ 0.2% ਦੇ ਮੁਕਾਬਲੇ ਸਕੂਲੀ ਵਿਦਿਆਰਥੀਆਂ ਵਿੱਚ ਇਹ ਦਰ 0.1 ਫੀਸਦੀ ਹੈ। 9 ਅਗਸਤ ਤੋਂ ਹੁਣ ਤੱਕ ਸਰਕਾਰੀ ਸਕੂਲਾਂ ਵਿੱਚ 41 ਵਿਦਿਆਰਥੀ ਅਤੇ 1 ਸਟਾਫ ਮੈਂਬਰ ਪਾਜ਼ੇਟਿਵ ਪਾਏ ਗਏ ਹਨ।
ਸਖ਼ਤ ਚੌਕਸੀ ਵਰਤਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਸਿਰਫ ਮੁਕੰਮਲ ਟੀਕਾਕਰਨ ਵਾਲਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨਿੱਜੀ ਤੌਰ `ਤੇ ਪੜ੍ਹਾਏਗਾ। ਜੇ ਸਮੁੱਚਾ ਟੀਚਿੰਗ ਸਟਾਫ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ ਤਾਂ ਮੁਕੰਮਲ ਟੀਕਾਕਰਨ ਵਾਲਾ ਸਟਾਫ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ਅਟੈਂਡ ਕਰ ਸਕਦਾ ਹੈ ਅਤੇ ਟੀਕਾਕਰਨ ਤੋਂ ਰਹਿੰਦੇ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁਕੰਮਲ ਟੀਕਾਕਰਨ ਵਾਲੇ ਅਧਿਆਪਕ ਉਪਲਬਧ ਨਹੀਂ ਹਨ ਤਾਂ ਵਿਦਿਆਰਥੀਆਂ ਦੀ ਗਿਣਤੀ ਨੂੰ ਢੁਕਵੀਂ ਮਾਤਰਾ ਵਿੱਚ ਘਟਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਪ੍ਰਤੀ ਬੈਂਚ ਸਿਰਫ ਇੱਕ ਬੱਚੇ ਦੇ ਬੈਠਣ ਦੀ ਇਜਾਜ਼ਤ ਦੇਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਤੁਰੰਤ ਟੀਕਾਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਕੂਲਾਂ ਵਿੱਚ ਨਿੱਜੀ ਤੌਰ `ਤੇ ਪੜ੍ਹਾਈ ਨੂੰ ਬਿਨਾਂ ਕਿਸੇ ਰੁਕਾਵਟ ਦੇ ਕੀਤਾ ਜਾ ਸਕੇ।
ਉਨ੍ਹਾਂ ਨੇ ਜੀ.ਐਮ.ਸੀ.ਐਚ. ਪਟਿਆਲਾ ਦੀ ਜੀਨੋਮ ਸਿਕੁਐਂਸਿੰਗ ਲੈਬ ਵਿਖੇ ਪਾਥ ਦੇ ਸਹਿਯੋਗ ਨਾਲ ਕੰਮ ਸ਼ੁਰੂ ਹੋਣ `ਤੇ ਸੰਤੁਸ਼ਟੀ ਜ਼ਾਹਰ ਕੀਤੀ। ਇੱਥੇ ਹੁਣ ਤੱਕ ਕੀਤੇ ਗਏ 8 ਟੈਸਟਾਂ ਵਿੱਚੋਂ ਕੋਈ ਵੀ ਡੈਲਟਾ ਰੂਪ ਨਹੀਂ ਮਿਲਿਆ। ਮੁੱਖ ਮੰਤਰੀ ਨੇ ਦੱਸਿਆ ਕਿ ਐਨ.ਸੀ.ਡੀ.ਸੀ. ਨੂੰ ਭੇਜੀ ਗਈ ਮਹੀਨਾਵਾਰ ਜੀਨੋਮ ਸਿਕੁਐਂਸਿੰਗ ਵਿੱਚ ਦਿਖਾਇਆ ਗਿਆ ਹੈ ਕਿ ਡੈਲਟਾ ਰੂਪ ਪ੍ਰਮੁੱਖ ਰੂਪ ਵਿੱਚ ਰਹਿੰਦਾ ਹੈ। ਅੱਜ ਤੋਂ ਜੀਨੋਮ ਸਿਕੁਐਂਸਿੰਗ ਲਈ 92 ਨਮੂਨੇ ਹਰ ਤਿੰਨ ਹਫਤਿਆਂ ਵਿੱਚ ਲਏ ਜਾਣਗੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਵੀ.ਆਰ.ਡੀ.ਐਲ. ਪਟਿਆਲਾ ਨੂੰ ਆਈ.ਐਨ.ਐਸ.ਏ.ਸੀ.ਓ.ਜੀ. (ਇੰਡੀਅਨ ਸਾਰਸ-ਕੋਵ-2 ਕੰਸੋਰਟੀਅਮ ਆਨ ਜੀਨੋਮਿਕਸ) ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਕੋਵਿਡ ਤੋਂ ਬਾਅਦ ਦੀ ਦੇਖਭਾਲ ਹੁਣ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਉਪਲਬਧ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਮਿਊਕਰਮਾਈਕੋਸਿਸ ਦੇ ਮਾਮਲਿਆਂ ਵਿੱਚ ਕਾਫ਼ੀ ਕਮੀ ਆਈ ਹੈ ਅਤੇ ਪਿਛਲੇ ਹਫਤੇ ਸਿਰਫ ਇੱਕ ਕੇਸ ਰਿਪੋਰਟ ਕੀਤਾ ਗਿਆ ਜਦਕਿ ਉਸ ਤੋਂ ਪਹਿਲੇ ਹਫਤੇ 6 ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਮਰੀਜ਼ਾ ਨੂੰ ਯੋਗਤਾ ਅਨੁਸਾਰ ਦਿਵਿਆਂਗ ਵਾਲੇ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ।