
ਟੁੱਟੀ ਬੇੜੀ ਆਸਰੇ ਦਰਿਆ ਪਾਰ ਕਰ ਕੇ ਜਾਣਾ ਪੈਂਦਾ ਸ਼ਹਿਰ ਜਾਂ ਸਕੂਲ-ਕਾਲਜ
ਫਿਰੋਜ਼ਪੁਰ (ਕਮਲਜੀਤ ਕੌਰ/ਮਲਕੀਅਤ ਸਿੰਘ) : ਜ਼ਿਲ੍ਹੇ ਦਾ ਸਰਹੱਦੀ ਪਿੰਡ ਕਾਲੂਵਾਲਾ ਆਜ਼ਾਦੀ ਦੇ 76 ਵਰ੍ਹਿਆਂ ਬਾਅਦ ਵੀ ਇਕ ਪੁਲ ਲਈ ਤਰਸ ਰਿਹਾ ਹੈ। ਪਿੰਡ ਦੇ ਲੋਕ ਟੁੱਟੀ ਬੇੜੀ ਦੇ ਆਸਰੇ ਦਰਿਆ ਪਾਰ ਕਰ ਕੇ ਅਪਣੇ ਕੰਮਾਂ ਨੂੰ ਜਾਣ ਲਈ ਮਜਬੂਰ ਹਨ। ਸਤਲੁਜ ਦਰਿਆ ਕੰਢੇ ਵਸੇ ਇਸ ਪਿੰਡ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਵੀ ਗੁਲਾਮੀ ਦਾ ਅਹਿਸਾਸ ਹੋ ਰਿਹਾ ਹੈ। ਸਿਆਸੀ ਆਗੂ ਸਿਰਫ਼ ਵੋਟਾਂ ਲਈ ਉਨ੍ਹਾਂ ਕੋਲ ਪਹੁੰਚਦੇ ਨੇ ਤੇ ਝੂਠੇ ਸੁਪਨੇ ਦਿਖਾ ਕੇ ਚਲੇ ਜਾਂਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬੇੜੀ ਵੀ ਉਨ੍ਹਾਂ ਨੇ ਖੁਦ ਪੈਸੇ ਇਕੱਠੇ ਕਰ ਕੇ ਖਰੀਦੀ ਹੈ, ਇਸ ਦੇ ਲਈ ਪ੍ਰਸ਼ਾਸਨ ਵਲੋਂ ਕੋਈ ਮਦਦ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ
ਲੋਕਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਰਕਾਰਾਂ ਅੱਜ ਤਕ ਬੇੜੀ ਮੁਹਈਆ ਨਹੀਂ ਕਰਵਾ ਸਕੀਆਂ, ਉਨ੍ਹਾਂ ਤੋਂ ਪੁਲ ਬਣਵਾਉਣ ਦੀ ਵੀ ਕੋਈ ਆਸ ਨਹੀਂ ਹੈ।
ਪਿੰਡ ਦੇ ਲੋਕ ਖਤਰਨਾਕ ਹਲਾਤਾਂ ਵਿਚੋਂ ਇਥੋਂ ਲੰਘਦੇ ਹਨ ਕਿਉਂਕਿ ਪਾਣੀ ਵਿਚ ਕਈ ਵਾਰ ਜ਼ਹਿਰੀਲੇ ਸੱਪ ਵੀ ਹੁੰਦੇ ਹਨ। ਇਸ ਦਰਿਆ ਨੂੰ ਪਾਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ।
ਇਹ ਵੀ ਪੜ੍ਹੋ: ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਥੋਕ ਮਹਿੰਗਾਈ ਦਰ ’ਚ ਤਿੱਖਾ ਵਾਧਾ
ਭਾਰੀ ਮੀਂਹ ਮਗਰੋਂ ਆਏ ਹੜ੍ਹ ਕਾਰਨ ਪਿੰਡਾਂ ਨੂੰ ਜੋੜਨ ਵਾਲਾ ਆਰਜ਼ੀ ਪੁਲ ਵੀ ਢਹਿ-ਢੇਰੀ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੜ੍ਹ ਕਾਰਨ ਕਈ ਘਰਾਂ ਵਿਚ ਵੀ ਪਾਣੀ ਵੜ ਗਿਆ। ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਵੀ ਬਹੁਤ ਮੁਸ਼ਕਲ ਨਾਲ ਹੁੰਦਾ ਹੈ। ਕੰਢਿਆਲੀ ਤਾਰ ਨੇੜੇ ਵਸਦੇ ਪਿੰਡ ਵਾਸੀਆਂ ਨੇ ਦਸਿਆ ਕਿ ਬੀ.ਐਸ.ਐਫ. ਜਵਾਨਾਂ ਵਲੋਂ ਕਈ ਵਾਰ ਮਦਦ ਕੀਤੀ ਜਾਂਦੀ ਹੈ। ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਪੁਲ ਬਣਾਉਣ ਵਿਚ ਸਮਾਂ ਲੱਗੇਗਾ ਤਾਂ ਉਦੋਂ ਤਕ ਉਨ੍ਹਾਂ ਨੂੰ ਮੋਟਰ ਬੋਟ ਮੁਹਈਆ ਕਰਵਾਈ ਜਾਵੇ।