
ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਸਥਿਤੀ ਸਪੱਸ਼ਟ ਕਰਨ ਲਈ ਵੱਧ ਲੱਗਾ ਦਬਾਅ
ਚੰਡੀਗੜ੍ਹ : ਖੇਤੀ ਆਰਡੀਨੈਂਸਾਂ ਨੇ ਸੁਖਬੀਰ ਬਾਦਲ ਦੇ ਰਸਤਿਆਂ 'ਚ ਅਜਿਹੇ ਕੰਡੇ ਵਿਛਾ ਦਿਤੇ ਹਨ, ਜਿਨ੍ਹਾਂ ਨੂੰ ਚੁੰਗਣਾ ਉਨ੍ਹਾਂ ਲਈ ਜੇਕਰ ਨਾਮੁਮਿਕਨ ਨਹੀਂ, ਤਾਂ ਔਖਾ ਜ਼ਰੂਰ ਹੋ ਗਿਆ ਹੈ। ਆਰਡੀਨੈਂਸਾਂ ਦੇ ਮੁੱਦੇ 'ਤੇ ਸੁਖਬੀਰ ਬਾਦਲ ਦੀ ਸਥਿਤੀ ਪੰਜਾਬੀ ਗੀਤ ''ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਨ੍ਹਾ ਰਾਹਾਂ ਤੇ ਸਾਨੂੰ ਤੁਰਨਾ ਪਿਆ...'' ਵਰਗੀ ਹੋਈ ਪਈ ਹੈ।
Sukhbir Singh Badal
ਜੇਕਰ ਉਹ ਆਰਡੀਨੈਂਸਾਂ ਦੇ ਹੱਕ 'ਚ ਭੁਗਤਣ ਵਾਲਾ ਰਸਤਾ ਅਪਨਾਉਂਦੇ ਹਨ ਤਾਂ ਉਨ੍ਹਾਂ ਦੀ ਖੁਦ ਦੀ ਸਿਆਸੀ ਸਾਖ਼ ਹੀ ਦਾਅ 'ਤੇ ਲੱਗਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਅਧਾਰ ਪੰਜਾਬ ਦੇ ਪੇਂਡੂ ਖੇਤਰਾਂ 'ਚ ਹੈ, ਜਿੱਥੇ ਜ਼ਿਆਦਾਤਰ ਵੋਟਰ ਖੇਤੀ ਕਿੱਤੇ (ਕਿਸਾਨੀ) ਨਾਲ ਸਬੰਧਤ ਹਨ, ਜਦਕਿ ਪੰਜਾਬ ਦੇ ਸ਼ਹਿਰੀ ਵੋਟਰਾਂ ਦਾ ਝੁਕਾਅ ਹਮੇਸ਼ਾ ਭਾਜਪਾ ਵੱਲ ਰਿਹਾ ਹੈ। ਭਾਜਪਾ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਗਲੋਂ ਲਾਹੁਣ ਦੇ ਬਹਾਨੇ ਭਾਲ ਰਹੀ ਹੈ, ਅਜਿਹੇ 'ਚ ਸੁਖਬੀਰ ਬਾਦਲ ਲਈ ਖੇਤੀ ਆਰਡੀਨੈਂਸਾਂ ਦੇ ਰਸਤੇ 'ਤੇ ਖੁਲ੍ਹ ਕੇ ਤੁਰਨਾ ਸਿਆਸੀ ਖੁਦਕੁਸ਼ੀ ਸਮਾਨ ਹੋਵੇਗਾ।
Sukhbir Badal With Harsimrat Badal
ਜੇਕਰ ਉਹ ਆਰਡੀਨੈਂਸਾਂ ਦੇ ਖਿਲਾਫ਼ ਜਾਂਦੇ ਹਨ, ਤਾਂ ਵੀ ਉਨ੍ਹਾਂ ਲਈ ਬੀਬਾ ਜੀ ਦੀ ਕੁਰਸੀ ਦੇ ਨਾਲ-ਨਾਲ ਭਾਜਪਾ ਦੀ ਭਾਈਵਾਲੀ ਜਾਣ ਦਾ ਖ਼ਤਰਾ ਪੈਦਾ ਹੋਣ ਦਾ ਡਰ ਹੈ, ਜਿਸ ਦਾ ਘਾਟਾ ਝੱਲਣਾ ਫ਼ਿਲਹਾਲ ਸ਼੍ਰੋਮਣੀ ਅਕਾਲੀ ਦਲ ਲਈ ਸੌਖਾ ਨਹੀਂ ਹੋਵੇਗਾ। ਇਸੇ ਤਰ੍ਹਾਂ ਵਿਚ-ਵਿਚਾਲੇ ਦਾ ਰਸਤਾ ਅਪਨਾਉਣ ਦੀ ਕੋਸ਼ਿਸ਼ ਵਾਲਾ ਰਸਤਾ ਵੀ ਔਖੇ ਪੈਡਿਆਂ 'ਤੇ ਪੈਣ ਵਰਗਾ ਹੀ ਹੈ ਕਿਉਂਕਿ ਵਿਰੋਧੀਆਂ ਨੇ ਉਨ੍ਹਾਂ ਦੇ ਐਨ ਮੌਕੇ 'ਤੇ ਬਦਲੇ ਪੈਂਤੜੇ 'ਤੇ ਸਵਾਲ ਖੜ੍ਹੇ ਕਰਦਿਆਂ ਪਹਿਲਾ ਭਾਜਪਾ ਨਾਲ ਤੋੜ-ਵਿਛੋੜਾ ਕਰਨ ਦੀ ਮੰਗ ਉਠਾਉਣੀ ਸ਼ੁਰੂ ਕਰ ਦਿਤੀ ਹੈ।
Kissan Union
ਆਰਡੀਨੈਂਸਾਂ ਦੇ ਮੁੱਦੇ 'ਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਵਾਲੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਹਿੱਤਾਂ ਦਾ ਇੰਨਾ ਹੀ ਫ਼ਿਕਰ ਹੈ ਤਾਂ ਉਹ ਕੇਂਦਰ ਸਰਕਾਰ ਤੋਂ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਤੁਰੰਤ ਰੱਦ ਕਰਨ ਦੀ ਮੰਗ ਉਠਾਉਣ ਅਤੇ ਗੋਗਲੂਆਂ ਤੋਂ ਮਿੱਟੀ ਝਾੜਣ ਵਾਲੀ ਸਿਆਸਤ ਤੋਂ ਬਾਜ਼ ਆ ਜਾਣ। ਕਿਸਾਨ ਆਗੂਆਂ ਨੇ ਖ਼ਬਰਦਾਰ ਕੀਤਾ ਹੈ ਕਿ ਖੇਤੀ ਆਰਡੀਨੈਂਸ ਵਾਪਸ ਨਾ ਲਏ ਜਾਣ ਦੀ ਸੂਰਤ 'ਚ ਪੰਜਾਬ ਵਿਚ ਅਸ਼ਾਂਤੀ ਫ਼ੈਲ ਸਕਦੀ ਹੈ, ਇਸ ਲਈ ਇਸ ਮੁੱਦੇ ਨੂੰ ਕੋਈ ਵੀ ਹਲਕੇ 'ਚ ਲੈਣ ਦੀ ਗ਼ਲਤੀ ਨਾ ਕਰੇ।
Captain Amarinder Singh and Sukhbir Badal
ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੁਖਬੀਰ ਬਾਦਲ ਨੂੰ ਕਿਸਾਨਾਂ ਪ੍ਰਤੀ ਸੰਜੀਦਗੀ ਸਿੱਧ ਕਰਨ ਲਈ ਕੇਂਦਰ ਸਰਕਾਰ ਦਾ ਸਾਥ ਛੱਡਣ ਦੀ ਚੁਣੌਤੀ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਖੇਤੀ ਆਰਡੀਨੈਂਸ ਲਿਆਉਣ ਵਿਚ ਅਕਾਲੀ ਦਲ ਦੀ ਮੁੱਖ ਭੂਮਿਕਾ ਹੈ ਕਿਉਂਕਿ ਉਨ੍ਹਾਂ ਨੇ ਆਰਡੀਨੈਂਸਾਂ ਦੀ ਬਿਨਾਂ ਸ਼ਰਤ ਹਮਾਇਤ ਕੀਤੀ ਸੀ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੰਸਦ 'ਚ ਆਰਡੀਨੈਂਸਾਂ ਦੇ ਹੱਕ ਜਾਂ ਵਿਰੋਧ 'ਚ ਭੁਗਤਣ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।
Sunil Jakhar
ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੂੰ ਪਹਿਲੀ ਵਾਰ ਅਪਣੀ ਪਾਰਟੀ ਅੰਦਰੋਂ ਤੇ ਬਾਹਰੋਂ ਚੁਣੌਤੀ ਖੜ੍ਹੀ ਹੋਈ ਹੈ ਕਿਉਂਕਿ ਸੁਖਬੀਰ ਦੇ ਖੇਤੀ ਆਰਡੀਨੈਂਸਾਂ ਦੀ ਥਾਂ ਕੁਰਸੀ ਬਚਾਉਣ ਦੇ ਫ਼ੈਸਲੇ ਨੇ ਅਕਾਲੀ ਦਲ ਦੀ ਹੋਂਦ ਨੂੰ ਹੀ ਖ਼ਤਰਾ ਖੜ੍ਹਾ ਕਰ ਦਿਤਾ ਹੈ। ਇਸੇ ਤਰ੍ਹਾਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਸੁਖਬੀਰ ਬਾਦਲ ਨੂੰ ਚੁਨੌਤੀ ਦਿਤੀ ਹੈ ਕਿ ਉਹ ਵਿਚ-ਵਿਚਾਲੇ ਦੇ ਰਸਤਿਆਂ ਦੀ ਤਲਾਸ਼ ਛੱਡ ਇਹ ਸਪੱਸ਼ਟ ਕਰਨ ਕਿ ਉਹ ਖੇਤੀ ਆਰਡੀਨੈਸਾਂ ਨੂੰ ਕਿਸਾਨ ਪੱਖੀ ਸਮਝਦੇ ਹਨ ਜਾਂ ਕਿਸਾਨ ਮਾਰੂ। ਤ੍ਰਿਪਤ ਬਾਜਵਾ ਨੇ ਵੀ ਸੁਖਬੀਰ ਬਾਦਲ ਤੋਂ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਲਏ ਜਾਣ ਵਾਲੇ ਸਟੈਂਡ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।