
ਮਹਿਲਾ ਦੇ ਪੇਟ ਵਿਚੋਂ ਓਪਰੇਸ਼ਨ ਕਰਕੇ ਕੱਢੀ ਸੱਤ ਕਿਲੋ ਦੀ ਰਸੌਲੀ
ਫਾਜ਼ਿਲਕਾ (ਰੁਪੇਸ਼ ਬਾਂਸਲ): ਪੰਜਾਬ ਦੇ ਲੋਕਾਂ ਲਈ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਵਰਦਾਨ ਸਾਬਿਤ ਹੋ ਰਹੀ ਹੈ। ਇਸ ਦੇ ਤਹਿਤ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਟੀਮ ਨੇ ਇਕ ਮਹਿਲਾ ਦੇ ਪੇਟ ਵਿਚੋਂ ਓਪਰੇਸ਼ਨ ਕਰਕੇ ਸੱਤ ਕਿਲੋ ਦੀ ਰਸੌਲੀ ਕੱਢ ਕੇ ਉਸ ਦੀ ਜਾਨ ਬਚਾਈ ਹੈ।
Doctor
ਸਿਵਲ ਹਸਪਤਾਲ ਦੇ ਸਰਜਨ ਡਾਕਟਰ ਅਰਪਿਤ ਗੁਪਤਾ, ਡਾਕਟਰ ਰੋਹਿਤ ਗੋਇਲ, ਡਾਕਟਰ ਭੂਪੇਨ, ਡਾਕਟਰ ਰੁਪਾਲੀ ਅਤੇ ਉਹਨਾਂ ਦੇ ਸਹਿਯੋਗੀ ਸਟਾਫ਼ ਵਲੋਂ ਮਹਿਲਾ ਦਾ ਸਫਲ ਅਪ੍ਰੇਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਸਰਜਨ ਡਾਕਟਰ ਅਰਪਿਤ ਗੁਪਤਾ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਗਰੀਬ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪਿੰਡ ਘੁਬਾਇਆ ਦੀ ਰਹਿਣ ਵਾਲੀ ਮਹਿਲਾ ਪਰਮਜੀਤ ਕੌਰ ਪੇਟ ਦੇ ਰੋਗ ਤੋਂ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਜਦੋਂ ਟੈਸਟ ਕਰਵਾਏ ਗਏ ਤਾਂ ਪਤਾ ਚੱਲਿਆ ਕਿ ਉਸ ਦੇ ਪੇਟ ਵਿਚ ਰਸੌਲੀ ਹੈ।
Doctor
ਇਸ ਦੌਰਾਨ ਮਹਿਲਾ ਨੂੰ ਮੈਡੀਕਲ ਕਾਲਜ ਫਰੀਦਕੋਟ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ ਪਰ ਪਰਿਵਾਰ ਵੱਲੋਂ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਗੱਲ ਕਹੀ ਗਈ। ਸਿਵਲ ਹਸਪਤਾਲ ਵਿਚ ਮਹਿਲਾ ਦਾ ਅਪ੍ਰੇਸ਼ਨ ਕਰਕੇ ਉਸ ਦੇ ਪੇਟ ਦੇ ਵਿਚ ਲਗਭਗ ਸੱਤ ਕਿਲੋ ਦੀ ਰਸੌਲੀ ਕੱਢੀ ਗਈ ਅਤੇ ਮਹਿਲਾ ਦੀ ਜਾਨ ਬਚਾਈ ਗਈ। ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਹਰ ਤਰ੍ਹਾਂ ਦੇ ਆਪ੍ਰੇਸ਼ਨ ਦੀ ਸਹੂਲਤ ਉਪਲਬਧ ਹੈ। ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬਿਨ੍ਹਾਂ ਕਿਸੇ ਖਰਚ ਤੋਂ ਅਪ੍ਰੇਸ਼ਨ ਕੀਤੇ ਜਾ ਰਹੇ ਹਨ।
Patient's Husband
ਉਹਨਾਂ ਦੱਸਿਆ ਕਿ ਹੁਣ ਫ਼ਾਜ਼ਿਲਕਾ ਦਾ ਸਿਵਲ ਹਸਪਤਾਲ ਨਵੀਂ ਬਿਲਡਿੰਗ ਵਿਚ ਸ਼ਿਫਟ ਹੋਣ ਜਾ ਰਿਹਾ ਹੈ, ਜਿਸ ਵਿਚ ਮਰੀਜ਼ਾਂ ਨੂੰ ਪਹਿਲੇ ਨਾਲੋਂ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਸਕੀਮ ਦਾ ਫਾਇਦਾ ਲੈਣ। ਉਹਨਾਂ ਦੱਸਿਆ ਕਿ ਹਸਪਤਾਲ ਵਿਚ ਜਲਦ ਹੀ ਅੱਖਾਂ ਦੇ ਓਪਰੇਸ਼ਨ ਸ਼ੁਰੂ ਕੀਤੇ ਜਾਣਗੇ। ਮਹਿਲਾ ਦੇ ਪਤੀ ਨੇ ਦੱਸਿਆ ਕਿ ਡਾਕਟਰਾਂ ਦੀ ਮਦਦ ਨਾਲ ਉਹਨਾਂ ਦੀ ਪਤਨੀ ਦਾ ਬਹੁਤ ਵਧੀਆ ਇਲਾਜ ਹੋਇਆ ਹੈ ਅਤੇ ਹੁਣ ਉਹਨਾਂ ਦੀ ਪਤਨੀ ਬਿਲਕੁਲ ਸੁਰੱਖਿਅਤ ਹੈ।