
ਜਸਵੰਤ ਸਿੰਘ ਖ਼ਾਲੜਾ ਨੇ ਪੁਲਿਸ ਦੁਆਰਾ 25 ਹਜ਼ਾਰ ਨਿਰਦੋਸ਼ਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਨ ਦਾ ਕੀਤਾ ਸੀ ਪਰਦਾਫ਼ਾਸ਼
ਜਸਵੰਤ ਸਿੰਘ ਖ਼ਾਲੜਾ (1952–1995) ਇਕ ਪ੍ਰਸਿੱਧ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਸੀ। ਉਸ ਨੇ ਪੰਜਾਬ ਪੁਲਿਸ ਨਾਲ ਜੁੜੇ 25 ਹਜ਼ਾਰ ਗ਼ੈਰ-ਕਾਨੂੰਨੀ ਕਤਲਾਂ ਅਤੇ ਸਸਕਾਰ ਬਾਰੇ ਅਪਣੀ ਖੋਜ ਲਈ ਵਿਸ਼ਵਵਿਆਪੀ ਧਿਆਨ ਖਿੱਚਿਆ ਤੇ ਰਿਪੋਰਟ ਕੀਤੀ ਕਿ ਪੁਲਿਸ ਨੇ ਲਗਭਗ 2 ਹਜ਼ਾਰ ਪੁਲਿਸ ਅਧਿਕਾਰੀਆਂ ਨੂੰ ਵੀ ਮਾਰ ਦਿਤਾ ਸੀ ਜਿਨ੍ਹਾਂ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿਤਾ ਸੀ।
Photo
ਜਸਵੰਤ ਸਿੰਘ ਖਾਲੜਾ ਕੌਣ ਸੀ, ਜਿਸ ਦੇ ਜੀਵਨ ’ਤੇ ਬਣੀ ਸੀ ‘ਪੰਜਾਬ 95’, ਦਿਲਜੀਤ ਦੋਸਾਂਝ ਫ਼ਿਲਮ ’ਚ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ । ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ‘ਪੰਜਾਬ 95’ ਸਮਾਜ ਸੇਵਕ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਤ ਹੈ। ਖਾਲੜਾ ਨੇ ਪੰਜਾਬ ਪੁਲਿਸ ’ਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਹਿਰਾਸਤ ’ਚ ਲੈਣ ਅਤੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਦਾ ਦੋਸ਼ ਲਗਾਇਆ ਸੀ।
6 ਸਤੰਬਰ 1995 ਨੂੰ ਉਨ੍ਹਾਂ ਦੀ ਹੱਤਿਆ ਕਰ ਦਿਤੀ ਗਈ ਸੀ। ਸੀਬੀਆਈ ਜਾਂਚ ਵਿਚ ਪੰਜਾਬ ਪੁਲਿਸ ਦੇ 6 ਅਧਿਕਾਰੀ ਦੋਸ਼ੀ ਪਾਏ ਗਏ। ਜਸਵੰਤ ਸਿੰਘ ਖਾਲੜਾ ਦਾ ਜਨਮ 1952 ਵਿਚ ਹੋਇਆ ਸੀ। ਜਸਵੰਤ ਸਿੰਘ ਖਾਲੜਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਸਨ। ਉਹ ਉਨ੍ਹਾਂ ਦੇ ਹੱਕਾਂ ਲਈ ਲੜਦਾ ਸਨ। ਉਨ੍ਹਾਂ ਨੇ ਜ਼ੁਲਮ ਵਿਰੁਧ ਆਪਣੀ ਆਵਾਜ਼ ਬੁਲੰਦ ਕੀਤੀ। ਉਹ ਅੰਮ੍ਰਿਤਸਰ ਵਿਚ ਇਕ ਬੈਂਕ ਦਾ ਡਾਇਰੈਕਟਰ ਸਨ ਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਸਨ।
ਉਨ੍ਹਾਂ ਦਾ 1995 ਵਿਚ ਕਤਲ ਕਰ ਦਿਤਾ ਗਿਆ ਸੀ। ਉਹ ਇਕ ਸਮਾਜ ਸੇਵਕ ਤੇ ਮਨੁੱਖੀ ਅਧਿਕਾਰ ਕਾਰਕੁਨ ਸਨ। ਉਨ੍ਹਾਂ ਪੰਜਾਬ ਪੁਲਿਸ ’ਤੇ ਗੰਭੀਰ ਦੋਸ਼ ਲਗਾਏ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਹਿਰਾਸਤ ਵਿਚ ਲਿਆ ਗਿਆ ਤੇ ਝੂਠੇ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ। ਉਨ੍ਹਾਂ ਦੀਆਂ ਲਾਸ਼ਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਸਸਕਾਰ ਕਰ ਦਿਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਪੰਜਾਬ ਵਿਚ ਅੱਤਵਾਦ ਅਪਣੇ ਸਿਖਰ ’ਤੇ ਸੀ।
ਆਪ੍ਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਦੇ ਸਿੱਖ ਕਤਲੇਆਮ ਤੋਂ ਬਾਅਦ, ਪੁਲਿਸ ਨੂੰ ਸ਼ੱਕ ਦੇ ਆਧਾਰ ’ਤੇ ਕਿਸੇ ਨੂੰ ਵੀ ਹਿਰਾਸਤ ਵਿਚ ਲੈਣ ਦੀ ਸ਼ਕਤੀ ਦਿਤੀ ਗਈ ਸੀ। ਇਹ ਦੋਸ਼ ਹੈ ਕਿ ਪੰਜਾਬ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਕਈ ਝੂਠੇ ਮੁਕਾਬਲੇ ਕੀਤੇ, ਜਿਸ ਦੇ ਨਤੀਜੇ ਵਜੋਂ ਸੈਂਕੜੇ ਨਿਰਦੋਸ਼ ਪੰਜਾਬੀਆਂ ਦੀ ਮੌਤ ਹੋ ਗਈ। ਹਰ ਰੋਜ਼ ਅੱਠ ਤੋਂ ਦਸ ਲੋਕਾਂ ਦੀਆਂ ਲਾਸ਼ਾਂ ਚੁੱਕੀਆਂ ਜਾਂਦੀਆਂ ਸਨ। ਇਸ ਕਾਰਨ ਪੰਜਾਬ ਦੇ ਲੋਕ ਬਹੁਤ ਡਰੇ ਹੋਏ ਤੇ ਥੱਕੇ ਹੋਏ ਸਨ।
‘ਇੰਡੀਆ ਹੂ ਕਿਲਡ ਦ ਸਿੱਖਸ’ ਨਾਮਕ ਦਸਤਾਵੇਜ਼ੀ ਦੇ ਅਨੁਸਾਰ, ਪੁਲਿਸ ਨੌਜਵਾਨਾਂ ਨੂੰ ਚੁੱਕਦੀ ਸੀ ਅਤੇ ਫਿਰ ਉਨ੍ਹਾਂ ਵਿਰੁਧ ਝੂਠੇ ਕੇਸ ਦਰਜ ਕਰਦੀ ਸੀ। ਇਸ ਤੋਂ ਬਾਅਦ, ਉਹ ਉਸ ਦੀ ਰਿਹਾਈ ਲਈ ਲੱਖਾਂ ਰੁਪਏ ਦੀ ਮੰਗ ਕਰਦੀ ਸੀ ਤੇ ਜੇਕਰ ਪੈਸੇ ਨਾ ਦਿਤੇ ਜਾਂਦੇ ਤਾਂ ਉਹ ਉਸ ਨੂੰ ਮਾਰ ਦਿੰਦੀ ਸੀ। ਹਾਲਾਂਕਿ, ਪੁਲਿਸ ਨੇ ਚਲਾਕੀ ਨਾਲ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿਤਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੇ ਕਤਲ ਦੀ ਗੱਲ ਖ਼ਾਲੜਾ ਕਰ ਰਹੇ ਹਨ, ਉਹ ਜਾਅਲੀ ਦਸਤਾਵੇਜ਼ਾਂ ’ਤੇ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ। ਖ਼ਾਲੜਾ ਨੇ ਫਿਰ ਵੀ ਹਾਰ ਨਾ ਮੰਨੀ ਤੇ ਉਹ ਸਿਵਲ ਕੋਰਟ ਅਤੇ ਹਾਈ ਕੋਰਟ ਦੇ ਚੱਕਰ ਲਗਾਉਂਦੇ ਰਹੇ। ਜਸਵੰਤ ਸਿੰਘ ਖ਼ਾਲੜਾ 6 ਸਤੰਬਰ 1995 ਨੂੰ ਆਪਣੇ ਘਰ ਦੇ ਬਾਹਰ ਆਪਣੀ ਕਾਰ ਧੋ ਰਹੇ ਸਨ। ਇਸੇ ਦੌਰਾਨ ਕੁਝ ਲੋਕ ਆਏ ਅਤੇ ਉਸ ਨੂੰ ਆਪਣੇ ਨਾਲ ਲੈ ਗਏ।
ਬਾਅਦ ਵਿਚ ਪਤਾ ਲੱਗਾ ਕਿ ਉਹ ਲੋਕ ਪੁਲਿਸ ਅਧਿਕਾਰੀ ਸਨ। ਲਗਭਗ ਡੇਢ ਮਹੀਨੇ ਬਾਅਦ, 27 ਅਕਤੂਬਰ ਨੂੰ ਜਸਵੰਤ ਸਿੰਘ ਖ਼ਲੜਾ ਦੀ ਲਾਸ਼ ਸਤਲੁਜ ਦਰਿਆ ਵਿਚੋਂ ਮਿਲੀ। ਉਨ੍ਹਾਂ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਮਾਹੌਲ ਕਾਫ਼ੀ ਗਰਮ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਸੀਬੀਆਈ ਜਾਂਚ ਵਿਚ ਕਈ ਰਾਜ਼ ਸਾਹਮਣੇ ਆਏ।
ਅਦਾਲਤ ਨੇ ਪੰਜਾਬ ਪੁਲਿਸ ਦੇ ਛੇ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ। ਹਾਈ ਕੋਰਟ ਨੇ ਛੇ ਦੋਸ਼ੀਆਂ ਵਿਚੋਂ ਚਾਰ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿਤਾ। ਜਸਵੰਤ ਸਿੰਘ ਖ਼ਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਹੁਣ ਪੀੜਤਾਂ ਦੀ ਲੜਾਈ ਲੜ ਰਹੀ ਹੈ। ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਅੱਤਵਾਦ ਦੇ ਦਿਨਾਂ ਦੌਰਾਨ ਪੁਲਿਸ ਵੱਲੋਂ ਹਜ਼ਾਰਾਂ ਅਣਪਛਾਤੇ ਲੋਕਾਂ ਨੂੰ ਅਗਵਾ ਕਰਨ, ਮਾਰਨ ਅਤੇ ਸਸਕਾਰ ਕਰਨ ਦੇ ਸਬੂਤਾਂ ਨੂੰ ਬੇਨਕਾਬ ਕਰਨ ਵਿਚ ਮੁੱਖ ਭੂਮਿਕਾ ਨਿਭਾਈ। ਖਾਲੜਾ ਉਨ੍ਹਾਂ ਬਹੁਤ ਸਾਰੇ ਸਿੱਖਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਅੱਤਵਾਦ ਦੇ ਸਿਖਰ ਦੌਰਾਨ ਪੁਲਿਸ ਦੀ ਬੇਰਹਿਮੀ ਦੇਖੀ ਸੀ।