
ਬਾਦਲ ਪਰਿਵਾਰ ਦਾ ਇਹ ਕਦਮ ਬਤੌਰ ਸਿੱਖ ਬਰਦਾਸ਼ਤ ਤੋਂ ਬਾਹਰ
ਚੰਡੀਗੜ੍ਹ : ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿਤਾਂ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਨੂੰ ਸਿੱਧੇ ਰੂਪ 'ਚ ਭਾਜਪਾ ਰਾਹੀਂ ਆਰਐਸਐਸ ਦੇ ਹਵਾਲੇ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ।
ਸੰਧਵਾਂ ਨੇ ਕਿਹਾ ਕਿ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਨਿਯੁਕਤ ਕਰ ਕੇ ਆਪਣੀ ਸਿੱਖ ਵਿਰੋਧੀ ਸੋਚ ਨੂੰ ਦਰਸਾ ਦਿੱਤਾ ਹੈ। ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਇਹ ਕਦਮ ਬਤੌਰ ਸਿੱਖ ਬਰਦਾਸ਼ਤ ਤੋਂ ਬਾਹਰ ਹੈ। ਕਿਸੇ ਤੀਜੀ ਪੰਥਕ ਧਿਰ ਵੱਲੋਂ ਤਖ਼ਤ ਸਹਿਬਾਨਾਂ ਗੁਰਦੁਆਰਿਆਂ ਜਾਂ ਐਸਜੀਪੀਸੀ/ਡੀਐਸਜੀਪੀਸੀ ਬਾਰੇ ਕੀਤੀ ਵਾਜਬ ਟਿੱਪਣੀ 'ਤੇ ਸਿੱਖ ਧਰਮ 'ਚ ਦਖ਼ਲਅੰਦਾਜ਼ੀ ਦਾ ਰੌਲਾ ਪਾਉਣ ਵਾਲੇ ਬਾਦਲ ਖ਼ੁਦ ਇਸ ਹੱਦ ਤੱਕ ਨਿੱਘਰ ਚੁੱਕੇ ਹਨ। ਭਾਜਪਾ ਵਿਧਾਇਕ ਸਿਰਸਾ ਨੂੰ ਪ੍ਰਧਾਨ ਦੀ ਕੁਰਸੀ 'ਤੇ ਬਿਠਾਇਆ ਜਾਣਾ ਇਸ ਦੀ ਪ੍ਰਤੱਖ ਮਿਸਾਲ ਹੈ।
ਸੰਧਵਾਂ ਨੇ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਬਾਦਲ ਪਰਿਵਾਰ ਦੇ ਇਸ ਨਾਪਾਕ ਕਦਮ ਦਾ ਮੂੰਹ ਤੋੜਵਾਂ ਜਵਾਬ ਦੇਣ।