
ਦੋ ਪਸਤੌਲਾਂ, 3 ਮੈਗਜੀਨਾਂ, 14 ਜਿੰਦਾ ਕਾਰਤੂਸਾਂ ਸਮੇਤ ਤਿੰਨ ਗ੍ਰਿਫ਼ਤਾਰ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਖੂਫੀਆ ਵਿੰਗ ਨੇ ਅੱਜ ਸਮਾਜ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਤੱਤਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਪੰਜਾਬ 'ਚ ਵੱਡੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਮਿਲੀ ਵਿਸ਼ੇਸ਼ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਸਟੇਟ ਸਪੈਸ਼ਲ ਆਪਰੇਸ਼ਨਜ਼ ਸੈਲ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਅੰਮ੍ਰਿਤਸਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਦੀ ਮੁੱਢਲੀ ਜਾਂਚ ਅਨੁਸਾਰ ਅਜਨਾਲਾ ਦੇ ਬਲਜੀਤ ਸਿੰਘ, ਗੁਰੂਦੁਆਰਾ ਬਾਬਾ ਬਕਾਲਾ ਦੇ ਜਗਦੇਵ ਸਿੰਘ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਉਨ੍ਹਾਂ ਪਾਸੋਂ .32 ਬੋਰ ਦੇ ਦੋ ਪਸਤੌਲਾਂ ਸਮੇਤ 3 ਮੈਗਜੀਨਾਂ ਅਤੇ 14 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ, ਜਗਦੇਵ ਸਿੰਘ ਅਤੇ ਮਨਜੀਤ ਸਿੰਘ ਵੱਖ-ਵੱਖ ਕੱਟੜਪੰਥੀ ਜਥੇਬੰਦੀਆਂ ਨਾਲ ਜੁੜੇ ਹੋਏ ਹਨ ਅਤੇ ਪੰਜਾਬ 'ਚ ਕੱਟੜਪੰਥੀ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਇਹ ਤਿੰਨੋਂ ਸ਼ੋਸਲ ਮੀਡੀਆ ਜ਼ਰੀਏ ਇਕ-ਦੂਜੇ ਦੇ ਸੰਪਰਕ ਵਿਚ ਆਏ ਅਤੇ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਹਿੰਦੂ ਸ਼ਿਵ ਸੈਨਾ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਦੋਸ਼ੀਆਂ ਨੇ ਇਹ ਹਥਿਆਰ ਇੰਦੋਰ, ਮੱਧ ਪ੍ਰਦੇਸ਼ ਤੋਂ ਖ਼ਰੀਦੇ ਸਨ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਬਲਜੀਤ ਸਿੰਘ ਮੁੱਢਲੇ ਤੌਰ 'ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਨੇੜੇ ਬਟਾਲਾ ਨਾਲ ਸਬੰਧਤ ਹੈ ਜਿਸ ਨੇ ਨਾਗਪੁਰ, ਮਹਾਰਾਸ਼ਟਰ ਵਿਖੇ ਗੁਰੂਦੁਆਰੇ ਵਿਚ ਗ੍ਰੰਥੀ ਵਜੋਂ 4 ਸਾਲ ਕੰਮ ਕੀਤਾ ਅਤੇ ਹਾਲ ਹੀ ਵਿਚ ਅਜਨਾਲ ਅੰਮ੍ਰਿਤਸਰ ਵਿਖੇ ਸ਼ਿਫ਼ਟ ਹੋਇਆ ਸੀ। ਇਸ ਦੇ ਨਾਲ ਹੀ ਬਲਜੀਤ ਸਿੰਘ ਵੱਖ-ਵੱਖ ਕੱਟੜਪੰਥੀ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਅਤੇ ਅਜਨਾਲਾ ਵਿਖੇ ਉਸ ਦੀ ਰਿਹਾਇਸ਼ ਦੀ ਛਾਣਬੀਣ ਦੌਰਾਨ ਕੱਟੜਪੰਥੀ ਜਥੇਬੰਦੀਆਂ ਨਾਲ ਸਬੰਧਤ ਸਾਹਿਤ ਜਬਤ ਕੀਤਾ ਗਿਆ ਹੈ। ਇਸ ਸਬੰਧੀ ਐਸ.ਐਸ.ਓ.ਸੀ ਪੁਲਿਸ ਸਟੇਸ਼ਨ ਅੰਮ੍ਰਿਤਸਰ ਵਿਖੇ ਆਰਮਸ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ।