
ਆਂਧਰਾ ਪ੍ਰਦੇਸ਼: ਭਿਆਨਕ ਸੜਕ ਹਾਦਸੇ ’ਚ 6 ਮਜ਼ਦੂਰਾਂ ਦੀ ਮੌਤ, 8 ਜ਼ਖ਼ਮੀ
ਮਜ਼ਦੂਰਾਂ ਦੀ ਮੌਕੇ ’ਤੇ ਹੀ ਹੋਈ ਮੌਤ
ਅਮਰਾਵਤੀ, 14 ਮਾਰਚ: ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿਚ ਨੁਜੀਵਿਦੁ ਦੇ ਨੇੜੇ ਐਤਵਾਰ ਸਵੇਰੇ ਇਕ ਸੜਕ ਹਾਦਸੇ ਵਿਚ 6 ਖੇਤੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 8 ਹੋਰ ਜ਼ਖ਼ਮੀ ਹੋ ਗਏ ਹਨ।
ਪੁਲਿਸ ਨੇ ਦਸਿਆ ਕਿ ਇਹ ਲੋਕ ਵਿਜੇਵਾੜਾ ਤੋਂ 55 ਕਿਲੋਮੀਟਰ ਦੂਰ ਨੁਜੀਵਿਦੁ ਦੇ ਨੇੜੇ ਨਿਯੋਨ ਟਾਂਡਾ ਨਾਮੀ ਆਦਿਵਾਸੀ ਬਸਤੀ ਦੇ ਰਹਿਣ ਵਾਲੇ ਆਟੋ ਰਿਕਸ਼ੇ ਰਾਹੀਂ ਨੇੜਲੇ ਪਿੰਡ ਜਾ ਰਹੇ ਸਨ, ਇਸ ਦੌਰਾਨ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਆਟੋ ’ਚ ਟੱਕਰ ਮਾਰ ਦਿਤੀ। ਪੁਲਿਸ ਨੇ ਦਸਿਆ ਕਿ 6 ਮਜ਼ਦੂਰਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 8 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੁਜੀਵਿਦੁ ਅਤੇ ਵਿਜੇਵਾੜਾ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।
ਨੁਜੀਵਿਦੁ ਦੇ ਸਬ-ਡਵੀਜ਼ਨ ਪੁਲਿਸ ਅਧਿਕਾਰੀ ਸ਼੍ਰੀਨਿਵਾਸੁਲੁ ਨੇ ਦਸਿਆ ਕਿ ਮਾਮਲਾ ਦਰਜ ਕਰ ਕੇ ਟੱਕਰ ਮਾਰਨ ਵਾਲੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ, ਉਪ ਮੁੁੱਖ ਮੰਤਰੀ ਏ. ਕੇ. ਕੇ. ਸ਼੍ਰੀਨਿਵਾਸ, ਗ੍ਰਹਿ ਮੰਤਰੀ ਐੱਮ. ਸੁਚਿਤਰਾ, ਤੇਲੁਗੁਦੇਸ਼ਮ ਪਾਰਟੀ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਅਤੇ ਜਨ ਸੇਵਾ ਦੇ ਪ੍ਰਧਾਨ ਪਵਨ ਕਲਿਆਣ ਨੇ ਇਸ ਹਾਦਸੇ ਵਿਚ ਸੋਗ ਪ੍ਰਗਟ ਕੀਤਾ ਹੈ। ਸ਼੍ਰੀਨਿਵਾਸ ਨੇ ਕ੍ਰਿਸ਼ਨਾ ਜ਼ਿਲ੍ਹੇ ਦੇ ਡਾਕਟਰ ਨੂੰ ਜ਼ਖ਼ਮੀਆਂ ਦਾ ਚੰਗੇ ਇਲਾਜ ਯਕੀਨੀ ਕਰਨ ਦੇ ਨਿਰਦੇਸ਼ ਦਿਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਵਾਰ ਨੂੰ ਸਰਕਾਰੀ ਮਦਦ ਉਪਲੱਬਧ ਕਰਵਾਉਣ ਦਾ ਵੀ ਭਰੋਸਾ ਦਿਤਾ ਹੈ। (ਪੀਟੀਆਈ)