
ਬੰਗਾਲ ਚੋਣਾਂ ਤੋਂ ਬਾਅਦ ਪੰਜਾਬ ਵਲ ਨੂੰ ਧਿਆਨ ਦੇਵੇਗੀ ਭਾਜਪਾ ਹਾਈਕਮਾਨ ਅਤੇ ਮੌਜੂਦਾ ਟੀਮ ਵਿਚੋਂ ਕਈਆਂ ਦੀ ਛੁੱਟੀ ਵੀ ਤੈਅ ਮੰਨੀ ਜਾ ਰਹੀ ਹੈ
ਲੁਧਿਆਣਾ (ਪ੍ਰਮੋਦ ਕੌਸ਼ਲ): ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਵਿਚ ਪਹਿਲਾਂ ਹੀ ਹਾਸ਼ੀਏ ਉਤੇ ਚਲ ਰਹੀ ਭਾਜਪਾ ਵਿਚ ਅੰਦਰੂਨੀ ਖ਼ਾਨਾਜੰਗੀ ਵੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਪਰ ਸਵਾਲ ਇਹ ਹੈ ਕਿ ਸਿਰਫ਼ ਖੇਤੀ ਕਾਨੂੰਨਾਂ ਕਰ ਕੇ ਹੀ ਪੰਜਾਬ ਭਾਜਪਾ ਹਾਸ਼ੀਏ ਉਤੇ ਗਈ ਹੈ? ਜਾਂ ਫਿਰ ਉਸ ਦੇ ਪਿੱਛੇ ਕੋਈ ਹੋਰ ਵੀ ਕਾਰਨ ਹੈ?
Farmers Protest
ਭਾਜਪਾ ਅੰਦਰਲੇ ਸੂਤਰਾਂ ਦੀ ਮੰਨੀਏ ਤਾਂ ਇਕ ਪਾਸੇ ਜਿਥੇ ਮੌਜੂਦਾ ਭਾਜਪਾ ਦੀ ਟੀਮ ਦੇ ਕੰਮ ਕਾਜ ਤੋਂ ਪਾਰਟੀ ਦੇ ਵਰਕਰ ਖ਼ੁਸ਼ ਨਹੀਂ ਦਿਖਾਈ ਦੇ ਰਹੇ, ਉਥੇ ਹੀ ਇਸ ਗੱਲ ਦੀਆਂ ਕਨਸੋਆਂ ਨੇ ਵੀ ਜ਼ੋਰ ਫੜਿਆ ਹੋਇਆ ਹੈ ਕਿ ਬੰਗਾਲ ਚੋਣਾਂ ਤੋਂ ਬਾਅਦ ਭਾਜਪਾ ਹਾਈਕਮਾਨ ਪੰਜਾਬ ਵਲ ਧਿਆਨ ਦੇਵੇਗੀ ਅਤੇ ਮੌਜੂਦਾ ਟੀਮ ਵਿਚੋਂ ਕਈਆਂ ਦੀ ਛੁੱਟੀ ਵੀ ਤੈਅ ਮੰਨੀ ਜਾ ਰਹੀ ਹੈ।
PM Modi and Amit Shah
ਸ਼ਾਇਦ ਇਹੋ ਵਜ੍ਹਾ ਹੈ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਭਾਜਪਾ ਵਲੋਂ ਉਸ ਦੇ ਖ਼ਾਲੀ ਹੋਏ ਜਨਰਲ ਸਕੱਤਰ ਦੇ ਅਹੁਦੇ ਉਤੇ ਕੋਈ ਨਿਯੁਕਤੀ ਨਹੀਂ ਕੀਤੀ ਜਾ ਸਕੀ ਕਿਉਂਕਿ ਹੋ ਸਕਦੈ ਕਿ ਪਾਰਟੀ ਹਾਈਕਮਾਨ ਨੇ ਅਜਿਹੇ ਵੱਡੇ ਅਹੁਦੇ ਉਤੇ ਕਿਸੇ ਵੀ ਨਿਯੁਕਤੀ ਉਤੇ ਰੋਕ ਲਾ ਦਿਤੀ ਹੋਵੇ। ਦਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਦੇ ਸਿੱਖ ਅਤੇ ਕਿਸਾਨ ਆਗੂ ਮਾਲਵਿੰਦਰ ਸਿੰਘ ਕੰਗ ਨੇ ਅਪਣੇ ਸੂਬਾ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਭਾਜਪਾ ਛੱਡ ਦਿਤੀ ਸੀ ਜਿਸ ਕਰ ਕੇ ਜਨਰਲ ਸਕੱਤਰ ਦਾ ਅਹੁਦਾ ਕਈ ਮਹੀਨਿਆਂ ਤੋਂ ਖ਼ਾਲੀ ਪਿਆ ਹੈ।
Malvinder Singh Kang
ਸੂਤਰ ਦਸਦੇ ਹਨ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਪਾਰਟੀ ਹਾਈਕਮਾਨ ਪੰਜਾਬ ਭਾਜਪਾ ਦੀ ਸਾਰੀ ਹੀ ਟੀਮ ਵਿਚ ਵੱਡਾ ਫੇਰਬਦਲ ਕਰ ਦਵੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਨ ਪੰਜਾਬ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਹਾਈਕਮਾਨ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੋਕ ਸਭਾ ਚੋਣਾਂ ਵਿਚ ਟਿਕਟ ਕੱਟੀ ਜਾਣ ਤੋਂ ਬਾਅਦ ਜਿਸ ਵਿਜੇ ਸਾਂਪਲਾ ਬਾਬਤ ਭਾਜਪਾ ਅਤੇ ਸਿਆਸੀ ਹਲਕਿਆਂ ਵਿਚ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਕਿ ਸਾਂਪਲਾ ਦਾ ਸਿਆਸੀ ਭਵਿੱਖ ਹੁਣ ਹਨ੍ਹੇਰੇ ਵਿਚ ਚਲਿਆ ਗਿਆ ਹੈ, ਪਾਰਟੀ ਨੇ ਉਸ ਵਿਜੇ ਸਾਂਪਲਾ ਨੂੰ ਨੈਸ਼ਨਲ ਅੇਸ.ਸੀ ਕਮਿਸ਼ਨ ਦਾ ਚੇਅਰਮੈਨ ਲਾ ਕੇ ਕਈਆਂ ਦੇ ਸ਼ੰਕੇ ਦੂਰ ਕਰਦੇ ਹੋਏ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਈਕਮਾਨ ਕੁੱਝ ਵੀ ਕਰ ਸਕਦੀ ਹੈ।
Vijay Sampla
ਅਜਿਹਾ ਕਿਸਾਨ ਅੰਦੋਲਨ ਕਰ ਕੇ ਵੀ ਹੈ ਕਿਉਂਕਿ ਦੇਸ਼ ਭਰ ਵਿਚ ਖੇਤੀ ਕਾਨੂੰਨਾਂ ਦਾ ਇਸ ਹੱਦ ਤਕ ਵਿਰੋਧ ਨਹੀਂ ਦੇਖਣ ਨੂੰ ਮਿਲਿਆ ਜਿੰਨਾਂ ਪੰਜਾਬ ਵਿਚ ਮਿਲ ਰਿਹਾ ਹੈ। ਇਸ ਦੇ ਪਿੱਛੇ ਦੇ ਕਾਰਨ ਵੀ ਸਮਝਣ ਦੀ ਲੋੜ ਹੈ। ਪੰਜਾਬ ਭਾਜਪਾ ਜੋ ਖ਼ੁਦ ਦੇ ਲੱਖਾਂ ਹੀ ਮੈਂਬਰ ਹੋਣ ਦਾ ਦਾਅਵਾ ਕਰਦੀ ਆਈ ਹੈ ਪਰ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਬਿਲਾਂ ਜੋਕਿ ਬਾਅਦ ਵਿਚ ਕਾਨੂੰਨ ਬਣੇ, ਉਨ੍ਹਾਂ ਬਿਲਾਂ ਨੂੰ ਬਿਲਾਂ ਤੋਂ ਲੈ ਕੇ ਕਾਨੂੰਨ ਬਣਨ ਤਕ ਨਾ ਤਾਂ ਅਪਣੇ ਕਰੋੜਾਂ ਵਰਕਰਾਂ ਤਕ ਅਤੇ ਨਾ ਹੀ ਕਿਸਾਨ ਅਤੇ ਕਿਸਾਨ ਆਗੂਆਂ ਤਕ ਇਹ ਗੱਲ ਪਹੁੰਚਾ ਸਕੀ।
Pm modi
ਪਤਾ ਲਗਿਆ ਹੈ ਕਿ ਜਦੋਂ ਕਿਸਾਨ ਅੰਦੋਲਨ ਪੰਜਾਬ ਵਿਚ ਸ਼ੁਰੂ ਹੋਇਆ ਜੇਕਰ ਉਸ ਸਮੇਂ ਹੀ ਪੰਜਾਬ ਭਾਜਪਾ ਇਸ ਮਸਲੇ ਦੀ ਗੰਭੀਰਤਾ ਨੂੰ ਕੇਂਦਰੀ ਹਾਈਕਮਾਨ ਤਕ ਪਹੁੰਚਾ ਦਿੰਦੀ ਤਾਂ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਪਰ ਅਜਿਹਾ ਨਾ ਹੋਣ ਪਿੱਛੇ ਦੀ ਵਜ੍ਹਾ ਵੀ ਇਹੋ ਹੈ ਕਿ ਪੰਜਾਬ ਭਾਜਪਾ ਨੇ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਗੰਭੀਰ ਮੁੱਦਾ ਹੀ ਨਹੀਂ ਸੀ ਸਮਝਿਆ ਤੇ ਹੁਣ ਨਤੀਜਾ ਸੱਭ ਦੇ ਸਾਹਮਣੇ ਹੈ ਕਿ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਾਅਦ ਹੁਣ ਬੰਗਾਲ ਦੀਆਂ ਚੋਣਾਂ ਵਿਚ ਵੀ ਮੁੱਦਾ ਬਣ ਰਿਹਾ ਹੈ।
Farmers Protest
ਕਿਸਾਨਾਂ ਅਤੇ ਅੰਦੋਲਨ ਬਾਰੇ ਕੀ ਸੋਚ ਰਖਦੇ ਨੇ ਪੰਜਾਬ ਭਾਜਪਾ ਦੇ ਕੁੱਝ ਵੱਡੇ ਆਗੂ ?
ਇਸੇ ਦਰਮਿਆਨ ਭਾਜਪਾ ਦੇ ਕੌਮੀ ਆਗੂ ਤਰੁਣ ਚੁੱਘ ਜੋ ਕਿ ਪੰਜਾਬ ਨਾਲ ਸਬੰਧ ਰੱਖਦੇ ਹਨ, ਨੇ ਬੰਗਾਲ ਗਏ ਕਿਸਾਨ ਆਗੂਆਂ ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨ ਆਗੂ ਗਰਮ ਖਿਆਲੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ। ਚੁੱਘ ਨੇ ਕਿਹਾ ਕਿ ਬੰਗਾਲ ਵਿਚ ਕਿਸਾਨਾਂ ਦੀ ਮੰਦੀ ਹਾਲਤ ਲਈ ਕਿਸਾਨ ਆਗੂਆਂ ਨੇ ਕੋਈ ਸਵਾਲ ਕਿਉਂ ਨਹੀਂ ਚੁਕਿਆ? ਮੀਡੀਆ ਵਿਚ ਆਏ ਇਸ ਬਿਆਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਭਾਜਪਾ ਦੇ ਆਗੂ ਅੰਦੋਲਨ ਉਤੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਬਾਬਤ ਕੀ ਸੋਚ ਰਖਦੇ ਹਨ।
Tarun Chugh
ਇੱਥੇ ਤੁਹਾਨੂੰ ਯਾਦ ਕਰਵਾਉਣਾ ਬਣਦਾ ਹੈ ਕਿ ਇਹ ਉਹ ਹੀ ਤਰੁਣ ਚੁੱਘ ਹਨ ਜਿਨ੍ਹਾਂ ਅੰਮ੍ਰਿਤਸਰ ਵਿਚ ਬਿਆਨ ਦਿਤਾ ਸੀ ਕਿ ਭਾਜਪਾ ਦਫ਼ਤਰ ਉਤੇ ਹਮਲਾ ਕਰਨ ਵਾਲੇ ਕਿਸਾਨ ਆਗੂ ਆਉਣਗੇ ‘ਅਪਣੇ ਪੈਰਾਂ ਉਤੇ ਅਤੇ ਜਾਣਗੇ ਸਟ੍ਰੇਚਰਾਂ ਉਤੇ।’ ਜ਼ਿਕਰਯੋਗ ਹੈ ਕਿ ਤਰੁਣ ਚੁੱਘ ਖੁਦ ਵੀ ਬੰਗਾਲ ਵਿਚ ਚੋਣ ਪ੍ਰਚਾਰ ਉਤੇ ਗਏ ਹੋਏ ਹਨ। ਉਧਰ, ਸੂਤਰ ਦਸਦੇ ਹਨ ਕਿ ਪੰਜਾਬ ਭਾਜਪਾ ਦੇ ਕੁੱਝ ਵੱਡੇ ਆਗੂ ਇਸ ਅੰਦੋਲਨ ਨੂੰ ਆਨੇ-ਬਹਾਨੇ ਕਿਸੇ ਨਾ ਕਿਸੇ ਨਾਲ ਜੋੜ ਕੇ ਮਸਲੇ ਨੂੰ ਅਪਣੇ ਗਲੋਂ ਲਾਹ ਤਾਂ ਰਹੇ ਹਨ ਜਿਸ ਵਿਚ ‘ਖ਼ਾਲਿਸਤਾਨ’ ਵੀ ਸ਼ਾਮਲ ਹੈ ਪਰ ਭਾਜਪਾ ਹਾਈਕਮਾਨ ਦੀ ਸਾਰੇ ਮਸਲੇ ਉਤੇ ਬਹੁਤ ਹੀ ਬਰੀਕੀ ਨਾਲ ਨਜ਼ਰ ਹੋਣ ਕਰ ਕੇ ਹਾਈਕਮਾਨ ਨੂੰ ਸ਼ਾਇਦ ਕਿਸੇ ਵੀ ਪਾਸੇ ਤੋਂ ਗੁੰਮਰਾਹ ਕਰਨਾ ਸੁਖਾਲਾ ਕੰਮ ਨਹੀਂ।
Farmers Protest
ਕਿਥੇ ਗੁਆਚ ਗਿਆ ਪੰਜਾਬ ਭਾਜਪਾ ਦਾ ਕਿਸਾਨ ਵਿੰਗ?
ਪੰਜਾਬ ਭਾਜਪਾ ਦਾ ਕਿਸਾਨ ਵਿੰਗ ਤਾਂ ਪੂਰੀ ਤਰ੍ਹਾਂ ਨਾਲ ਗੁਆਚ ਹੀ ਗਿਆ ਲਗਦਾ ਹੈ। ਹਾਲਾਂਕਿ ਖੇਤੀ ਕਾਨੂੰਨਾਂ ਦੇ ਮੁੱਦਿਆਂ ਤੇ ਭਾਜਪਾ ਦੇ ਜ਼ਿਆਦਾਤਰ ਆਗੂ ਹੀ ‘ਰੂਹਪੋਸ਼’ ਹੋ ਗਏ ਹਨ ਪਰ ਖੇਤੀ ਕਾਨੂੰਨਾਂ ਦਾ ਸਿੱਧੇ ਤੌਰ ਉਤੇ ਸਬੰਧ ਕਿਸਾਨ ਵਿੰਗ ਨਾਲ ਹੋਣ ਕਰ ਕੇ ਕਿਸਾਨ ਵਿੰਗ ਦੀ ਗੱਲ ਕਰਨੀ ਵੀ ਲਾਜ਼ਮੀ ਬਣਦੀ ਹੈ।
Farmers Protest
ਪੰਜਾਬ ਭਾਜਪਾ ਦੇ ਕਿਸਾਨ ਵਿੰਗ ਦਾ ਸੂਬੇ ਵਿਚ ਆਧਾਰ ਕੀ ਹੈ ਉਸ ਦਾ ਵੀ ਇਸੇ ਗੱਲ ਤੋਂ ਪਤਾ ਲੱਗ ਸਕਦਾ ਹੈ ਕਿ ਇਸ ਪੂਰੇ ਅੰਦੋਲਨ ਦੌਰਾਨ ਭਾਜਪਾ ਦੇ ਕਿਸਾਨ ਵਿੰਗ ਵਲੋਂ ਕੋਈ ਵੀ ਅਜਿਹੀ ਵੱਡੀ ਰੈਲੀ ਤਕ ਆਰਗੇਨਾਈਜ਼ ਨਹੀਂ ਕੀਤੀ ਜਾ ਸਕੀ ਜਿਸ ਰਾਹੀਂ ਉਹ, ਉਨ੍ਹਾਂ ਦੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਇਨ੍ਹਾਂ ਤਿੰਨੇਂ ਖੇਤੀ ਕਾਨੂੰਨਾਂ ਦੇ ਫ਼ਾਇਦੇ ਕਿਸਾਨਾਂ ਤਕ ਪਹੁੰਚਾਉਂਦੇ ਤਾਂ ਜੋ ਇਸ ਵਿਰੋਧ ਨੂੰ ਸ਼ਾਂਤ ਕੀਤਾ ਜਾ ਸਕਦਾ। ਭਾਜਪਾ ਸੂਤਰਾਂ ਦੀ ਮੰਨੀਏ ਤਾਂ ਕਾਗ਼ਜ਼ਾਂ ਵਿਚ ਕੋਈ ਰੈਲੀ ਹੋਈ ਹੋਵੇ ਤਾਂ ਪਤਾ ਨਹੀਂ ਪਰ ਜਨਤਕ ਤੌਰ ਉਤੇ ਕਿਸੇ ਵੀ ਵੱਡੀ ਰੈਲੀ ਦੀ ਜਾਣਕਾਰੀ ਉਨ੍ਹਾਂ ਕੋਲ ਤਾਂ ਹੈ ਨਹੀਂ।