
21 ਤੋਂ 26 ਅਪ੍ਰੈਲ ਤਕ ਹਰੇਕ ਹਲਕੇ ਵਿਚ ਇਸ ਮਾਇਕਰੋ ਮੈਨੇਜਮੈਂਟ ਮੁਹਿੰਮ ਨੂੰ ਪੂਰਾ ਕਰੇਗੀ 'ਆਪ’
ਸੰਗਰੂਰ: ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦਿੱਲੀ ਦੇ ਚੋਣ ਪ੍ਰਚਾਰ ਦੀ ਡੋਰ-ਟੂ-ਡੋਰ ਨੀਤੀ ਨੂੰ ਪੰਜਾਬ 'ਚ ਲਾਂਚ ਕਰਨ ਲਈ ਦਿੱਲੀ ਤੋਂ ਸੰਗਰੂਰ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਹੋਰਨਾਂ ਪਾਰਟੀਆਂ ਵਾਂਗ ਚੋਣ ਲੜਨ ਲਈ ਪੈਸੇ ਨਹੀਂ ਹਨ ਪਰ ਸਾਡੇ ਵਰਕਰ ਹੀ ਪਾਰਟੀ ਦੀ ਤਾਕਤ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰੇਕ ਲੋਕ ਸਭਾ ਹਲਕੇ 'ਚ ਦੋ ਲੱਖ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
Manish Sisodia
ਮੰਗਲਵਾਰ ਤੋਂ ਹੀ ਇਸ ਮੁਹਿੰਮ 'ਤੇ ਕੰਮ ਸ਼ੁਰੂ ਹੋ ਜਾਵੇਗਾ ਅਤੇ 21 ਤੋਂ 26 ਅਪ੍ਰੈਲ ਤਕ ਹਰੇਕ ਹਲਕੇ ਵਿਚ ਇਸ ਮਾਇਕਰੋ ਮੈਨੇਜਮੈਂਟ ਮੁਹਿੰਮ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਮੁਹਿੰਮ ਦੌਰਾਨ 'ਆਪ' ਵਰਕਰ ਤੇ ਵਲੰਟੀਅਰ ਪਾਰਟੀ ਦੀਆਂ ਨੀਤੀਆਂ, ਵਿਕਾਸ ਕਾਰਜਾਂ ਅਤੇ ਵਿਰੋਧੀ ਪਾਰਟੀਆਂ ਦੀਆਂ ਅਸਫ਼ਲਤਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਗੇ। ਕਾਂਗਰਸ ਨਾਲ ਗਠਜੋੜ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਸਮਝੌਤੇ ਦੀ ਗੱਲ ਇਕੱਲੇ ਦਿੱਲੀ ਰਾਜ ਤਕ ਸੀਮਤ ਸੀ।
ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਦੇਸ਼ ਨੂੰ ਲੁੱਟ ਰਹੀ ਹੈ, ਜਿਸ ਨੂੰ ਤੋੜਨ ਲਈ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਉੱਥੇ ਪਾਰਟੀ ਅਪਣੇ ਸੱਤ ਉਮੀਦਵਾਰ ਐਲਾਨ ਚੁੱਕੀ ਹੈ ਅਤੇ ਪਾਰਟੀ ਅਪਣੇ ਦਮ 'ਤੇ ਹੀ ਚੋਣ ਲੜੇਗੀ। ਹਰਿਆਣਾ ਲਈ ਪਾਰਟੀ ਨੇ ਵੱਖਰੀ ਰਣਨੀਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਨਸ਼ਾ ਇਕ ਵੱਡਾ ਮੁੱਦਾ ਰਹੇਗਾ, ਨਾਲ ਹੀ ਬੇਅਦਬੀ ਦੇ ਮਾਮਲੇ 'ਚ ਲੋਕ ਅਕਾਲੀਆਂ ਨੂੰ ਘੇਰਨਗੇ।
Bhagwant Mann
ਆਮ ਆਦਮੀ ਪਾਰਟੀ ਦਾ ਪੱਲਾ ਛੱਡਣ ਵਾਲੀ ਸੂਬਾ ਜਨਰਲ ਸਕੱਤਰ ਡਾ. ਅਮਨਦੀਪ ਗੋਸਲ ਜਾਂ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਵਲੋਂ ਐਨਆਰਆਈ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਤੋਂ ਬਾਹਰ ਜਾਣ ਵਾਲੇ ਉਕਤ ਵਿਰੋਧੀ ਹੁਣ ਵਿਰੋਧੀਆਂ ਦੇ ਕਹਿਣ 'ਤੇ ਚੋਣਾਂ ਸਮੇਂ ਘੋਟਾਲੇ ਦੇ ਦੋਸ਼ ਲਾ ਰਹੇ ਹਨ। ਇਹ ਕੇਵਲ ਪਾਰਟੀ ਨੂੰ ਖ਼ਰਾਬ ਕਰਨ ਲਈ ਹਥਕੰਡੇ ਹਨ।
ਇਸ ਮੌਕੇ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਪੰਜਾਬ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਆਦਿ ਹਾਜ਼ਰ ਸਨ।