
ਵਿਦਿਆਰਥੀ ਪ੍ਰਸ਼ਾਸਨ ਲਈ ਹਰ ਰੋਜ਼ ਤਿਆਰ ਕਰ ਸਕਦੇ ਹਨ 50,000 ਮਾਸਕ
ਚੰਡੀਗੜ੍ਹ, 14 ਅਪ੍ਰੈਲ (ਸ.ਸ.ਸ) : ਕੋਰੋਨਾ ਵਾਇਰਸ ਵਿਰੁਧ ਜੰਗ ਵਿਚ ਅਪਣਾ ਯੋਗਦਾਨ ਪਾਉਂÎਦਿਆਂ ਆਈਟੀਆਈ ਦੇ ਵਿਦਿਆਰਥੀਆਂ ਨੇ ਸਵੈਇੱਛਾ ਨਾਲ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤਾਂ ਲਈ ਮਾਸਕ ਸਿਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੀ ਅਨੁਰਾਗ ਵਰਮਾ ਪ੍ਰਮੁੱਖ ਸਕੱਤਰ (ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ, ਪੰਜਾਬ) ਨੇ ਦਸਿਆ ਕਿ ਤਕਨੀਕੀ ਸਿਖਿਆ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਇਸ ਸੰਕਟਕਾਲੀ ਸਥਿਤੀ ਵਿਚ ਵਿਭਾਗ ਵਲੋਂ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ।
File photo
ਉਨ੍ਹਾਂ ਦੀ ਅਪੀਲ ਤੇ ਸਟਾਫ਼ ਅਤੇ ਆਈਟੀਆਈ ਦੇ ਵਿਦਿਆਰਥੀਆਂ ਨੇ ਇਸ ਸੇਵਾ ਦੀ ਪੇਸ਼ਕਸ਼ ਕੀਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਵਰਮਾ ਨੇ ਦਸਿਆ ਕਿ ਰਾਜ ਦੀਆਂ ਆਈ.ਟੀ.ਆਈਜ਼ ਵਿਚ ਸਿਲਾਈ ਟੈਕਨਾਲੋਜੀ, ਫ਼ੈਸ਼ਨ ਟੈਕਨਾਲੋਜੀ ਆਦਿ ਦੇ ਟਰੇਡ ਚੱਲ ਰਹੇ ਹਨ। ਇਨ੍ਹਾਂ ਟਰੇਡਾਂ ਦੇ ਤਕਰੀਬਨ 2000 ਵਿਦਿਆਰਥੀਆਂ ਨੇ ਸਵੈਇੱਛਾ ਨਾਲ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਕਰਮਚਾਰੀਆਂ ਲਈ ਮਾਸਕ ਸਿਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਹਰੇਕ ਵਿਦਿਆਰਥੀ ਰੋਜ਼ਾਨਾ 25 ਮਾਸਕ ਸਿਲਾਈ ਕਰ ਕੇ ਦੇ ਸਕਦਾ ਹੈ।
ਵਰਮਾ ਨੇ ਕਿਹਾ ਕਿ ਤਕਨੀਕੀ ਸਿਖਿਆ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਉਨ੍ਹਾਂ ਨੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇਕ ਪੱਤਰ ਲਿਖਿਆ ਹੈ ਕਿ ਉਹ ਆਈ ਟੀ ਆਈ ਦੇ ਵਿਦਿਆਰਥੀਆਂ ਤੋਂ ਮੁਫ਼ਤ ਮਾਸਕ ਸਿਲਾਈ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਰੋਜ਼ਾਨਾ ਕਰੀਬ 50,000 ਮਾਸਕਾਂ ਦੀ ਮੁਫ਼ਤ ਸਿਲਾਈ ਕਰਵਾਈ ਜਾ ਸਕਦੀ ਹੈ। ਸਾਰੇ ਡੀ.ਸੀਜ਼ ਨੂੰ ਲਿਖੇ ਪੱਤਰ ਵਿਚ ਸ਼੍ਰੀ ਵਰਮਾ ਨੇ ਆਈ.ਟੀ.ਆਈਜ਼ ਦੇ ਨਾਮ, ਪ੍ਰਿੰਸੀਪਲ ਦਾ ਨਾਮ ਅਤੇ ਫ਼ੋਨ ਨੰਬਰ ਅਤੇ ਵਿਦਿਆਰਥੀਆਂ ਦੀ ਗਿਣਤੀ ਸਾਂਝੀ ਕੀਤੀ ਹੈ ਜੋ ਇਸ ਕੰਮ ਵਿਚ ਸਵੈ-ਇੱਛਾ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮਦੇਨਜ਼ਰ ਵਿਦਿਆਰਥੀ ਆਪਣੇ ਘਰਾਂ ਤੋਂ ਹੀ ਇਹ ਮਾਸਕ ਤਿਆਰ ਕਰਦੇ ਹਨ।