
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਫ਼ਿਊ ਲਗਾਏ ਜਾਣ ਕਾਰਨ ਜ਼ਿਲ੍ਹੇ ਵਿਚ ਬਾਕੀ ਰਹਿ ਗਈ ਨਰਮੇ ਦੀ ਖ਼ਰੀਦ ਅੱਜ ਫਿਰ ਤੋਂ ਸ਼ੁਰੂ ਕਰਵਾ ਦਿਤੀ ਗਈ ਹੈ।
ਮਾਨਸਾ, 14 ਅਪ੍ਰੈਲ (ਬਹਾਦਰ ਖ਼ਾਨ): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰਫ਼ਿਊ ਲਗਾਏ ਜਾਣ ਕਾਰਨ ਜ਼ਿਲ੍ਹੇ ਵਿਚ ਬਾਕੀ ਰਹਿ ਗਈ ਨਰਮੇ ਦੀ ਖ਼ਰੀਦ ਅੱਜ ਫਿਰ ਤੋਂ ਸ਼ੁਰੂ ਕਰਵਾ ਦਿਤੀ ਗਈ ਹੈ। ਮਾਨਸਾ ਪਹਿਲਾ ਜ਼ਿਲ੍ਹਾ ਹੈ ਜਿਸ ਵਿਚ ਪਹਿਲ ਦੇ ਆਧਾਰ ਉਤੇ ਨਰਮੇ ਦੀ ਖ਼ਰੀਦ ਮੁੜ ਤੋਂ ਸ਼ੁਰੂ ਕਰਵਾਈ ਗਈ ਹੈ। ਕਿਸਾਨਾਂ ਨੂੰ ਰਾਹਤ ਦਿੰਦਿਆਂ ਮਾਨਸਾ ਜ਼ਿਲ੍ਹੇ ਵਿਚ ਪਹਿਲ ਦੇ ਆਧਾਰ ਉਤੇ ਕਣਕ ਦੀ ਖ਼ਰੀਦ ਪ੍ਰੋਜੈਕਟ ਦੇ ਤਹਿਤ ਹੀ ਨਰਮੇ ਦੀ ਵੀ ਬਾਕੀ ਰਹਿੰਦੀ ਖ਼ਰੀਦ ਸ਼ੁਰੂ ਕਰ ਕੀਤੀ ਹੈ। ਜ਼ਿਲ੍ਹਾ ਮੰਡੀ ਅਫ਼ਸਰ-ਕਮ-ਸਟੇਟ ਕਾਟਨ ਕੋਆਰਡੀਨੇਟਰ ਰਜਨੀਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਉਤੇ ਨਰਮੇ ਦੀ ਬਾਕੀ ਰਹਿੰਦੀ ਖ਼ਰੀਦ ਫਿਰ ਤੋਂ ਸ਼ੁਰੂ ਕਰਵਾਈ ਗਈ ਹੈ।
ਉਨ੍ਹਾਂ ਦਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ 9.40 ਲੱਖ ਕੁਇੰਟਲ ਦੇ ਕਰੀਬ ਨਰਮੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫ਼ਿਊ ਕਾਰਨ ਤਕਰੀਬਨ 50 ਹਜ਼ਾਰ ਕੁਇੰਟਲ ਨਰਮੇ ਦੀ ਖ਼ਰੀਦ ਬਾਕੀ ਰਹਿ ਗਈ ਸੀ ਜੋ ਕਿ ਇਕ ਮਹੀਨੇ ਦੇ ਅੰਦਰ ਅੰਦਰ ਨਿਪਟਾਉਣ ਦਾ ਟੀਚਾ ਹੈ। ਉਨ੍ਹਾਂ ਦਸਿਆ ਕਿ ਮੰਡੀ ਵਿਚ ਭੀੜ ਨੂੰ ਘਟਾਉਣ ਲਈ ਇਕ ਦਿਨ ਵਿਚ ਸਿਰਫ਼ 20 ਟਰਾਲੀਆਂ ਨੂੰ ਹੀ ਸਬੰਧਤ ਮਾਰਕਿਟ ਕਮੇਟੀ ਦੁਆਰਾ ਪਾਸ ਜਾਰੀ ਕੀਤੇ ਗਏ ਹਨ, ਜੋ ਕਿ ਪਹਿਲਾਂ ਆਉ, ਪਹਿਲਾਂ ਪਾਉ ਦੇ ਆਧਾਰ ਉਤੇ ਜਾਰੀ ਕੀਤੇ ਗਏ। 500 ਕੁਇੰਟਲ ਦੇ ਕਰੀਬ ਖ਼ਰੀਦ ਦਾ ਰੋਜ਼ਾਨਾ ਦਾ ਟੀਚਾ ਰਖਿਆ ਗਿਆ ਹੈ ਅਤੇ ਜੇਕਰ ਇਹ ਪ੍ਰਕਿਰਿਆ ਸਫ਼ਲਤਾਪੂਰਵਕ ਰਹੀ ਤਾਂ ਪਾਸ ਦੀ ਲਿਮਟ 20 ਤੋਂ ਵਧਾ ਕੇ 40 ਅਤੇ ਰੋਜ਼ਾਨਾ ਦੀ ਖ਼ਰੀਦ ਦਾ ਟੀਚਾ 1 ਹਜ਼ਾਰ ਕੁਇੰਟਲ ਤਕ ਕਰ ਦਿਤਾ ਜਾਵੇਗਾ।
File photo
ਉਨ੍ਹਾਂ ਦਸਿਆ ਕਿ ਅੱਜ ਕਲ 21 ਟਰਾਲੀਆਂ ਮੰਡੀ ਵਿਚ ਆਈਆਂ ਅਤੇ ਅੰਦਾਜ਼ਨ 446 ਕੁਇੰਟਲ ਦੀ ਖ਼ਰੀਦ ਸੀ.ਸੀ.ਆਈ. ਵਲੋਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਸਮਾਜਕ ਦੂਰੀ ਨੂੰ ਬਣਾਈ ਰੱਖਣ ਲਈ ਅਤੇ ਸੈਨੇਟਾਈਜ਼ਰ ਕਰਨ ਲਈ ਪੁਖਤਾ ਪ੍ਰਬੰਧ ਮੰਡੀ ਵਿਚ ਕੀਤੇ ਗਏ ਹਨ। ਕਾਟਨ ਯਾਰਡ ਵਿਚ ਆਉਣ ਵਾਲੇ ਹਰ ਵਿਅਕਤੀ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਟਰਾਲੀਆਂ ਦੇ ਖੜ੍ਹੇ ਹੋਣ ਵਾਲੀ ਜਗ੍ਹਾਂ ਉਤੇ ਹਾਇਪਰੋਕਲੋਰਾਈਡ ਨਾਲ ਸਪਰੇਅ ਕੀਤੀ ਗਈ ਹੈ। ਸਾਰੇ ਕਾਟਨ ਯਾਰਡ ਵਿਚ 30-30 ਦੇ ਖਾਨੇ ਬਣਾਏ ਗਏ ਹਨ। ਨਰਮੇ ਦੀਆਂ ਟਰਾਲੀਆਂ ਇਨ੍ਹਾਂ ਖਾਨਿਆਂ ਵਿਚ ਹੀ ਖੜ੍ਹੀਆਂ ਕਰਵਾਈਆਂ ਜਾਂਦੀਆਂ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਦੁਆਰਾ ਮੰਡੀ ਵਿਚ ਨਰਮੇ ਦੀ ਖਰੀਦੋ ਫਰੋਖ਼ਤ ਸਬੰਧੀ ਚੈਕਿੰਗ ਦੌਰਾਨ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੇਬਰ ਨੂੰ ਆਪਸ ਵਿਚ ਘੱਟ ਤੋਂ ਘੱਟ 1.5 ਤੋਂ 2 ਮੀਟਰ ਦੀ ਦੂਰੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਹਾਲੇ ਤਕ ਨਰਮਾ ਨਹੀਂ ਵੇਚਿਆ। ਉਹ ਨਰਮਾ ਵੇਚਣ ਸਬੰਧੀ ਕਰਫ਼ਿਊ ਪਾਸ ਲੈਣ ਲਈ ਸਬੰਧਤ ਮਾਰਕਿਟ ਕਮੇਟੀ ਅਤੇ ਸਬੰਧਤ ਆੜਤੀਏ ਨਾਲ ਸੰਪਰਕ ਕਰ ਸਕਦੇ ਹਨ। ਨਰਮੇ ਨੂੰ ਮੰਡੀ ਵਿਚ ਲਿਆਉਣ ਸਮੇਂ ਕੇਵਲ ਇਕ ਹੀ ਵਿਅਕਤੀ ਟਰੈਕਟਰ ਟਰਾਲੀ ਨਾਲ ਜਾਵੇ ਅਤੇ ਨਰਮੇ ਨੂੰ ਸਾਫ਼-ਸੁੱਥਰਾ ਹੀ ਮੰਡੀ ਵਿਚ ਲਿਆਂਦਾ ਜਾਵੇ ਤਾਂ ਜੋ ਇਸ ਨੂੰ ਵੇਚਣ ਵਿਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।