
ਮੁੱਖ ਮੰਤਰੀ ਦੀ ਟੀਮ : ਲਾਲ, ਆਸ਼ੂ, ਅਨੰਦਿਤਾ ਦਿਨ ਰਾਤ ਜੁਟ ਗਏ
ਚੰਡੀਗੜ੍ਹ, 14 ਅਪ੍ਰੈਲ (ਜੀ.ਸੀ. ਭਾਰਦਵਾਜ): ਮੁਲਕ ਵਿਚ ਕੇਵਲ 1.8 ਫ਼ੀ ਸਦੀ ਜ਼ੀਮਨ 'ਤੇ ਤਿੰਨ ਕਰੋੜ ਦੀ ਆਬਾਦੀ ਵਾਲੇ ਸਰਹੱਦੀ ਸੂਬੇ ਪੰਜਾਬ ਦੇ 65 ਲੱਖ ਛੋਟੇ ਵੱਡੇ ਕਿਸਾਨਾਂ ਦੀ ਸੋਨੇ ਰੰਗੀ ਫ਼ਸਲ ਖ਼ਰੀਦਣ ਦੇ ਸਾਰੇ ਪ੍ਰਬੰਧ ਪੂਰੇ ਕੀਤੇ ਜਾ ਰਹੇ ਹਨ। ਏਸ਼ੀਆ ਦੀ ਸੱਭ ਤੋਂ ਵੱਡੀ ਮੰਡੀ ਖੰਨਾ ਸਮੇਤ ਕੁਲ 3600 ਖ਼ਰੀਦ ਕੇਂਦਰਾਂ ਵਿਚੋਂ ਭਲਕੇ ਕਣਕ ਆਉਣ ਤੇ ਖ਼ਰੀਦ ਦਾ ਕੰਮ ਸ਼ੁਰੂ ਹੋ ਕੇ 15 ਜੂਨ ਤਕ 2 ਮਹੀਨਿਆਂ ਵਿਚ 135 ਲੱਖ ਟਨ ਦਾ ਟੀਚਾ ਸਰ ਕਰ ਲਿਆ ਜਾਵੇਗਾ। ਇਸ ਵਿਸ਼ੇਸ਼ ਤੇ ਮਹਤਵਪੂਰਨ ਵੱਡੇ ਕੰਮ ਵਿਚ ਦਿਨ ਰਾਤ ਮਿਹਨਤ ਕਰਨ ਵਾਲੀ, ਤਿੰਨ ਮੈਂਬਰੀ ਟੀਮ, ਯਾਨੀ ਕਿ ਮੰਡੀ ਬੋਰਡ ਦੇ ਚੇਅਰਮੈਨ ਕੈਬਿਨਟ ਰੈਂਕ ਸ. ਲਾਲ ਸਿੰਘ, ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮਹਿਕਮੇ ਦੀ ਡਾਇਰੈਕਟਰ, ਬੀਬੀ ਅਨੰਦਿਤਾ ਮਿੱਤਰਾ ਨਾਲ, ਰੋਜ਼ਾਨਾ ਸਪੋਕਸਮੈਨ ਵਲੋਂ ਉਨ੍ਹਾਂ ਦੇ ਦਫ਼ਤਰ ਵਿਚ ਜਾ ਕੇ ਗਲ ਬਾਤੀ ਕੀਤੀ ਗਈ।
Lal Singh
ਭਾਰਤ ਭੂਸ਼ਣ ਆਸ਼ੂ
ਡਾਇਰੈਕਟਰ, ਬੀਬੀ ਅਨੰਦਿਤਾ ਮਿੱਤਰਾ
ਉਨ੍ਹਾਂ ਦਸਿਆ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਮੰਡੀਆਂ ਵਿਚ ਸਾਰਿਆਂ ਦਾ ਪੂਰਾ ਧਿਆਨ ਰਖਿਆ ਜਾਵੇਗਾ। ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦਸਿਆ ਕਿ ਮੁੱਖ ਮੰਤਰੀ ਵਲੋਂ ਲਏ ਗਏ ਫ਼ੈਸਲਿਆਂ ਅਨੁਸਾਰ ਪਹਿਲਾਂ, ਮੰਡੀ ਬੋਰਡ ਦੀਆਂ 116 ਸਬਜ਼ੀ ਮੰਡੀਆਂ ਰਾਹੀਂ, 4200 ਸਟਾਫ਼ ਮੈਂਬਰਾਂ ਰਾਹੀ, ਪਿਛਲੇ 4 ਹਫ਼ਤਿਆਂ ਤੋਂ ਕਰਫ਼ਿਊ ਦੌਰਾਨ ਸਬਜ਼ੀ ਸਪਲਾਈ ਕੀਤੀ ਗਈ। ਹੁਣ 15 ਅਪ੍ਰੈਲ ਤੋਂ 15 ਜੂਨ ਤਕ 1832 ਰੈਗੂਲਰ ਕੇਂਦਰਾਂ ਨੂੰ ਵਧਾ ਕੇ 3600 ਤੋਂ ਵੀ ਵੱਧ ਕੇਂਦਰਾਂ ਤੋਂ ਕਣਕ ਦੀ ਖ਼ਰੀਦ ਕਰਨੀ ਹੈ। ਜਿਸ ਦੇ ਭੰਡਾਰਨ ਲਈ 1800 ਤੋਂ ਵਧ ਸ਼ੈਲਰ ਮਾਲਕ ਜ਼ੁੰਮੇਵਾਰੀ ਨਾਲ ਆੜ੍ਹਤੀਆਂ ਤੇ ਕਿਸਾਨਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਸ. ਲਾਲ ਸਿੰਘ ਨੇ ਦਸਿਆ ਕਿ ਕਣਕ ਦੀ ਖ਼ਰੀਦ ਬਾਰੇ, ਸਾਰੇ ਕੇਂਦਰਾਂ ਨਾਲ ਸੰਪਰਕ ਰਖਣ ਤੇ ਹੋਰ ਵੇਰਵਾ ਤੇ ਅੰਕੜੇ ਇਕੱਠੇ ਕਰਨ ਤੇ ਸਮੱਸਿਆਵਾਂ, ਦਿਕਤਾਂ ਹਲ ਕਰਨ ਵਾਸਤੇ, ਮੰਡੀ ਬੋਰਡ ਵਿਚ ਹੀ 50 ਮੈਂਬਰੀ ਕੰਟਰੋਲ ਰੂਮ ਸਥਾਪਤ ਕੀਤਾ ਹੈ। ਜਿਥੇ ਸਵੇਰੇ 7 ਵਜੇ ਤੋਂ ਰਾਤ 8 ਵਜੇ ਤਕ ਸ਼ਿਫ਼ਟਾਂ ਵਿਚ ਡਿਊਟੀ 'ਤੇ ਤੈਨਾਤ ਸਟਾਫ਼ ਹਰ ਕਿਸਮ ਦਾ ਰਿਕਾਰਡ ਰਖੇਗਾ।
ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਮੰਡੀਆਂ ਵਿਚ ਭੀੜ ਘਟ ਕਰਨ ਲਈ ਕਿਸਾਨਾਂ ਨੂੰ ਤੈਅ ਸ਼ੁਦਾ ਲਿਸਟ ਅਨੁਸਾਰ, ਆੜ੍ਹਤੀਆਂ ਦੇ ਸਹਿਯੋਗ ਨਾਲ ਹੀ ਪਰਚੀ ਜਾਂ ਕੂਪਨ ਜਾਰੀ ਕਰਨ ਉਪਰੰਤ ਨਿਯਤ ਤਰੀਕ ਤੇ ਦਿਨ ਹੀ ਕਣਕ ਲੈ ਕੇ ਆਉਣ ਲਈ ਕਿਹਾ ਜਾਵੇਗਾ। ਮੰਤਰੀ ਨੇ ਸਪਸ਼ਟ ਕੀਤਾ ਕਿ ਸੱਦੇ ਗਏ ਕਿਸਾਨ ਨੂੰ 30 ਵਰਗ ਫੁਟ ਦੀ ਜਗ੍ਹਾ ਮਿਲੇਗੀ ਅਤੇ ਪੰਜਾਬ ਦੀਆਂ 4 ਏਜੰਸੀਆਂ ਪਨਗਰੇਨ, ਪਨਸਪ, ਮਾਰਕਫ਼ੈਡ ਤੇ ਵੇਅਰ ਹਾਊਸਿੰਗ ਨੂੰ 20 ਤੋਂ 25 ਫ਼ੀ ਸਦੀ ਕਣਕ ਖ਼ਰੀਦਣ ਅਤੇ ਕੇਂਦਰੀ ਫੂਡ ਕਾਰਪੋਰੇਸ਼ਨ ਯਾਨੀ ਐਫ਼ ਸੀਆਈ ਨੂੰ 15 ਫ਼ੀ ਸਦੀ ਫ਼ਸਲ ਖ਼ਰੀਦਣ ਦੀ ਅਲਾਟਮੇਂਟ ਵੱਖ ਵੱਖ ਮੰਡੀਆਂ ਵਿਚ ਕੀਤੀ ਗਈ ਹੈ।
ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਜੋ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਆੜ੍ਹਤੀ ਕਿਸਾਨਾਂ ਦਰਮਿਆਨ, ਕੜੀ ਦਾ ਕੰਮ ਕਰ ਰਹੇ ਹਨ ਨੇ ਦਸਿਆ ਕਿ ਦਾਣਾ ਦਾਣਾ ਖ਼ਰੀਦਣਾ ਵੀ ਹੈ ਕਰੋਨਾ ਖ਼ਤਰੇ ਤੋਂ ਕਿਸਾਨ ਮਜ਼ਦੂਰਾਂ ਤੇ ਸਟਾਫ਼ ਨੂੰ ਬਚਾਉਣਾ ਵੀ ਹੈ ਅਤੇ ਖ਼ਰੀਦੀ ਗਈ ਕਣਕ ਨੂੰ ਸਟੋਰ ਭਰੇ ਹੋਣ ਦੀ ਸੂਰਤ ਵਿਚ ਖੁਲ੍ਹੇ ਆਸਮਾਨ ਹੇਠ ਤਰਪਾਲਾਂ ਨਾਲ ਢਕ ਕੇ ਸੰਭਾਲਦਾ ਵੀ ਹੈ।
ਇਸ ਟੀਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੀਨੀਅਰ ਆਈਏਐਸ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦਸਿਆ ਕਿ ਬੋਰੀਆਂ, ਜੂਟ ਤੇ ਪਲਾਸਟਿਕ ਥੈਲਿਆਂ ਸਮੇਤ ਹੋਰ ਬਾਰਦਾਨਾ ਸਾਰੇ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ। ਬੀਬੀ ਮਿੱਤਰਜ ਨੇ ਦਸਿਆ ਕਿ ਸਿਰ ਮੂੰਹ ਨਕ ਢਕਣ ਵਾਸਤੇ ਅਤੇ ਹੱਥਾਂ ਦੀ ਸਾਫ਼ ਸਫ਼ਾਈ ਲਈ ਪਾਣੀ ਟਾਜਇਲਟ ਵਾਸ਼ ਬੇਸਿਨ, ਮਾਸਕ ਆਦਿ ਦਾ ਪ੍ਰਬੰਧ ਹੋ ਰਿਹਾ ਹੈ। ਅਨੰਦਿਤਾ ਮਿਤਰਾ ਨੇ ਕਿਹਾ ਕਿ ਅਨਾਜ ਸਪਲਾਈ ਵਿਭਾਗ ਦੇ 7000 ਤੋਂ ਵੱਧ ਅਧਿਕਾਰੀ ਕਣਕ ਖ਼ਰੀਦ ਦੇ ਇਸ ਵੱਡੇ ਚੈਲੰਜ ਨੂੰ ਪੂਰਾ ਕਰਨ ਦੀ ਹਿੰਮਤ ਰਖਦੇ ਹਨ।
ਕਣਕ ਦੀ ਬੋਲੀ ਦਾ ਸਮਾਂ ਸਵੇਰੇ 10.00 ਵਜੇ ਤੋਂ 6.00 ਵਜੇ ਤਕ
ਚੰਡੀਗੜ੍ਹ : ਪੰਜਾਬ ਰਾਜ ਵਿਚ 15 ਅਪ੍ਰੈਲ 2020 ਤੋਂ ਰੱਬੀ ਸੀਜਨ 2020-21 ਦੀ ਫ਼ਸਲ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ ਇਸ ਸਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ। ਉਨ੍ਹਾਂ ਦਸਿਆ ਕਿ ਇਸ ਸੀਜਨ ਦੌਰਾਨ ਭਾਰਤ ਸਰਕਾਰ ਵਲੋਂ ਕਣਕ ਦੀ ਖ਼ਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ 1925/- ਰੁਪਏ ਤੇ ਸਮੂਹ ਖ਼ਰੀਦ ਏਜੰਸੀਆਂ ਸਮੇਤ ਐਫ.ਸੀ.ਆਈ. ਵਲੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਸਰਕਾਰ ਵਲੋਂ ਕਣਕ ਦੀ ਬੋਲੀ ਦਾ ਸਮਾਂ ਸਵੇਰੇ 10.00 ਵਜੇ ਤੋਂ 6.00 ਵਜੇ ਤਕ ਦਾ ਨਿਰਧਾਰਤ ਕੀਤਾ ਗਿਆ ਹੈ। ਖ਼ਰੀਦ ਕੀਤੀ ਗਈ ਕਣਕ ਦੀ ਅਦਾਇਗੀ ਆਨਲਾਈਨ ਵਿਧੀ ਨਾਲ 1naaj Kharid Portal ਰਾਹੀਂ ਕੀਤੀ ਜਾਵੇਗੀ।