
ਸਿਮਰਨਜੀਤ ਸਿੰਘ ਮਾਨ ਹੱਕ ਤੇ ਸੱਚ ਦੀ ਲੜਾਈ ਲੜਨ ਵਾਲੇ ਇਨਸਾਨ: ਲੱਖਾ
ਬਰਨਾਲਾ: ਲੋਕ ਸਭਾ ਸੀਟ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਲੱਖਾ ਸਿਧਾਣਾ ਨੇ ਆਵਾਜ਼ ਚੁੱਕੀ ਹੈ। ਲੱਖਾ ਸਿਧਾਣਾ ਨੇ ਸੰਗਰੂਰ ਦੇ ਬਰਨਾਲਾ ਹਲਕੇ ’ਚ ਪਹੁੰਚ ਕੇ ਮਾਨ ਦੇ ਹੱਕ ਵਿਚ ਰੋਡ ਸ਼ੋਅ ਕੀਤਾ ਤੇ ਲੋਕਾਂ ਕੋਲੋਂ ਸਿਮਰਨਜੀਤ ਸਿੰਘ ਮਾਨ ਲਈ ਵੋਟਾਂ ਮੰਗੀਆਂ। ਲੱਖਾ ਸਿਧਾਣਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਗੱਡੀ ਵਿਚ ਬੈਠ ਕੇ ਪਾਠ ਕਰਨ ਦੇ ਡਰਾਮੇ ਕਰ ਰਹੀ ਹੈ ਤੇ ਕੋਈ ਗੱਡੀ ਦੇ ਉੱਪਰ ਬੈਠ ਕੇ ਰੋਟੀ ਖਾ ਰਿਹਾ ਹੈ ਪਰ ਇਹ ਪੰਜਾਬ ਦੇ ਮੁੱਦੇ ਹਨ।
Simranjeet Singh Mann
ਕਿਸੇ ਵੀ ਪਾਰਟੀ ਨੇ ਪੰਜਾਬ ਦੇ ਅਸਲ ਮੁੱਦਿਆਂ ਜਿਵੇਂ ਪਾਣੀਆਂ ਦਾ ਮੁੱਦਾ, ਭਾਸ਼ਾ ਦਾ ਮੁੱਦਾ ਆਦਿ ਨੂੰ ਅਪਣੇ ਚੋਣ ਮੁੱਦੇ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਉਮੀਦਵਾਰਾਂ ਦਾ ਹੀ ਸਾਥ ਦੇ ਰਹੇ ਹਨ ਜੋ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਹਨ। ਲੱਖਾ ਨੇ ਕਿਹਾ ਕਿ ਉਹ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਤੇ ਫ਼ਤਹਿਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਲਈ ਪ੍ਰਚਾਰ ਕਰਕੇ ਆਏ ਹਨ। ਹੁਣ ਸੰਗਰੂਰ ਵਿਚ ਸਿਮਰਨਜੀਤ ਸਿੰਘ ਮਾਨ ਲਈ ਪ੍ਰਚਾਰ ਕਰ ਰਹੇ ਹਨ।
Lakha Sidhana
ਲੱਖਾ ਸਿਧਾਣਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਸੱਚ ਦੀ ਲੜਾਈ ਲੜਨ ਵਾਲੇ ਇਨਸਾਨ ਹਨ, ਜਿਸ ਕਰਕੇ ਉਹ ਉਨ੍ਹਾਂ ਦਾ ਸਾਥ ਦੇ ਰਹੇ ਹਨ। ਲੱਖਾ ਸਿਧਾਣਾ ਨੇ 'ਆਪ' ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਵਿਰੋਧ ਬਾਰੇ ਕਿਹਾ ਕਿ ਸ਼ਾਇਦ ਪੰਜਾਬੀਆਂ ਨੂੰ ਕੇਜਰੀਵਾਲ ਦਾ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗਣਾ ਰਾਸ ਨਹੀਂ ਆਇਆ।