
ਸੁੱਤੇ ਪਏ ਦੇ ਸਿਰ ਵਿੱਚ ਮਾਰੀ ਲੋਹੇ ਦੀ ਰਾਡ
Khanna News: ਪੁਲਿਸ ਜਿਲ੍ਹਾ ਖੰਨਾ ਦੇ ਮਲੌਦ ਥਾਣਾ ਖੇਤਰ ਦੇ ਪਿੰਡ ਸੋਹੀਆਂ ਵਿੱਚ ਨਾਜਾਇਜ਼ ਸਬੰਧਾਂ ਨੇ ਇੱਕ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਇੱਥੇ 40 ਸਾਲਾ ਬਹਾਦਰ ਸਿੰਘ ਭੋਲਾ ਦਾ ਉਸਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਖਪ੍ਰੀਤ ਸਿੰਘ ਨਾਲ ਮਿਲ ਕੇ ਲੋਹੇ ਦੀ ਰਾਡ ਨਾਲ ਸਿਰ 'ਤੇ ਵਾਰ ਕਰਕੇ ਨਿਰਦਈ ਤਰੀਕੇ ਨਾਲ ਕਤਲ ਦਿੱਤਾ। ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਭੋਲਾ ਦੇ ਕੋਲ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਉਹ ਘਰ ਦੀ ਲਾਬੀ ਵਿੱਚ ਸੌ ਰਿਹਾ ਸੀ ਜਦੋਂ ਉਸਨੇ ਅਚਾਨਕ ਚੀਕਾਂ ਸੁਣੀਆਂ। ਉਸਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ 'ਤੇ ਸੌਂਦੇ ਭੋਲਾ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ। ਇੰਦਰਜੀਤ ਨੇ ਕੰਧ ਟੱਪ ਕੇ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਭੋਲਾ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮਾਂ ਦੇ ਕਾਰਨ ਲੁਧਿਆਣਾ ਲਿਜਾਂਦੇ ਹੋਏ ਉਸਦੀ ਮੌਤ ਹੋ ਗਈ।
ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਭੋਲਾ ਮਿੱਟੀ ਭਰਤ ਦਾ ਕੰਮ ਕਰਦਾ ਸੀ ਅਤੇ ਸੁਖਪ੍ਰੀਤ ਸਿੰਘ ਵੀ ਪਹਿਲਾਂ ਉਸਦੇ ਨਾਲ ਕੰਮ ਕਰਦਾ ਰਿਹਾ ਸੀ। ਕੰਮ ਦੌਰਾਨ ਸੁਖਪ੍ਰੀਤ ਦਾ ਘਰ ਆਉਣਾ-ਜਾਣਾ ਹੋਇਆ ਜਿਸ ਦੌਰਾਨ ਉਸਦੇ ਜਸਵੀਰ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਇਹ ਸਬੰਧ ਘਰੇਲੂ ਤਣਾਅ ਦਾ ਕਾਰਨ ਬਣਦੇ ਰਹੇ ਅਤੇ ਅੰਤ ਵਿੱਚ ਕਤਲ ਤੱਕ ਪਹੁੰਚ ਗਏ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜ ਦਿੱਤੀ। ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਡੀਐਸਪੀ ਮੁਤਾਬਕ ਦੋਵੇਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।