
ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 25 ਮੌਤਾਂ
Majitha liquor scandal: ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਕਸਬਾ ਮਜੀਠਾ ਤੇ ਪਿੰਡ ਗਾਲੋਵਾਲੀ ਕੁੱਲੀਆਂ ਦੇ ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਮੌਤਾਂ ਹੋਰ ਹੋ ਗਈਆਂ ਹਨ, ਜਿਨ੍ਹਾਂ ਦੀ ਪਛਾਣ ਤਰਸੇਮ ਮਸੀਹ ਪੁੱਤਰ ਸਦੀਕ ਮਸੀਹ, ਵਾਸੀ ਵਾਰਡ ਨੰਬਰ ਇਕ ਰੋੜੀ, ਮਜੀਠਾ ਤੇ ਦੂਜਾ ਰਜੇਸ਼ ਪੁੱਤਰ ਪਿਆਰੇ ਲਾਲ ਵਾਸੀ ਗਾਲੇਵਾਲੀ ਕੁੱਲੀਆ ਵਜੋਂ ਹੋਈ ਹੈ।
ਪਿੰਡ ਭੰਗਵਾਂ ਤੋਂ ਪੀਤੀ ਸੀ ਜ਼ਹਿਰੀਲੀ ਸ਼ਰਾਬ
ਇਨ੍ਹਾਂ ਦੋਵਾਂ ਵਿਅਕਤੀਆਂ ਨੇ ਵੀ ਪਿੰਡ ਭੰਗਵਾਂ ਤੋਂ ਜ਼ਹਿਰੀਲੀ ਸ਼ਰਾਬ ਪੀਤੀ ਸੀ । ਤਰਸੇਮ ਮਸੀਹ ਪਿੰਡ ਭੰਗਵਾਂ ਤੋਂ ਸ਼ਰਾਬ ਪੀ ਕੇ ਆਇਆ ਸੀ ਤੇ ਉਸ ਨੇ ਆਪਣੇ ਘਰ ਵਿਚ ਹੀ ਅੱਜ ਦਮ ਤੋੜਿਆ ਹੈ ਜਦੋ ਕਿ ਰਜੇਸ਼ ਪੁੱਤਰ ਪਿਆਰੇ ਲਾਲ ਵਾਸੀ ਗਾਲੇਵਾਲੀ ਕੁੱਲੀਆਂ ਸ਼ਰਾਬ ਪੀਣ ਤੋਂ ਬਾਅਦ ਉਸ ਦਿਨ ਤੋਂ ਹੀ ਅੰਮਿ੍ਹਤਸਰ ਵਿਖੇ ਹਸਪਤਾਲ ਵਿਚ ਆਈ. ਸੀ. ਯੂ. ਵਿਚ ਜ਼ੇਰੇ ਇਲਾਜ ਸੀ, ਜਿਸ ਨੇ ਅੱਜ ਹਸਪਤਾਲ ਵਿਚ ਦਮ ਤੋੜ ਦਿੱਤਾ। ਪੁਲਿਸ ਵਲੋਂ ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਘਟਨਾ ਨਾਲ ਸਥਾਨਕ ਲੋਕਾਂ ਵਿਚ ਰੋਸ ਵਧ ਰਿਹਾ ਹੈ ਅਤੇ ਉਹ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਦੱਸ ਦੇਈਏ ਕਿ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਪੁਲਿਸ ਵੱਲੋਂ 16 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਮਾਮਲੇ ਵਿੱਚ 4 ਅਧਿਕਾਰੀ ਵੀ ਮੁਅੱਤਲ ਵੀ ਕੀਤੇ ਗਏ ਹਨ।