
ਉਜਾੜਾ ਬਚਾਉਣ ਲਈ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਯੂਪੀ ਦੇ ਕਿਸਾਨਾਂ ਨਾਲ ਡਟਣ ਪੰਜਾਬ ਦੇ ਆਗੂ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਤਰਾਈ ਖੇਤਰ ਦੇ ਹਜ਼ਾਰਾਂ ਪੰਜਾਬੀ ਕਿਸਾਨ ਪਰਿਵਾਰਾਂ ਨੂੰ ਧੱਕੇ ਨਾਲ ਉਜਾੜੇ ਜਾਣ ਦੀਆਂ ਕਾਰਵਾਈਆਂ ਦਾ ਸਖ਼ਤ ਵਿਰੋਧ ਕਰਦੇ ਹੋਏ ਪੰਜਾਬ ਨਾਲ ਸੰਬੰਧਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੋਮ ਪ੍ਰਕਾਸ਼ ਅਤੇ ਹਰਦੀਪ ਸਿੰਘ ਪੁਰੀ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ।
Harsimrat Kaur Badal
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ''ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਯੂਪੀ ਦੇ ਤਰਾਈ ਇਲਾਕੇ 'ਚ ਪਿਛਲੇ 70 ਸਾਲਾਂ ਤੋਂ ਵੱਸਦੇ ਹਜ਼ਾਰਾਂ ਪੰਜਾਬੀ ਸਿੱਖ ਕਿਸਾਨਾਂ ਨੂੰ ਉਸੇ ਸਰਕਾਰੀ ਗੁੰਡਾਗਰਦੀ ਰਾਹੀਂ ਉਜਾੜਿਆ ਜਾ ਰਿਹਾ ਹੈ, ਜਿਵੇਂ ਗੁਜਰਾਤ ਦੀ ਭਾਜਪਾ ਸਰਕਾਰ ਨੇ ਕੱਛ ਇਲਾਕੇ 'ਚ ਵੱਸਦੇ ਪੰਜਾਬੀ ਕਿਸਾਨਾਂ ਨੂੰ ਉਜਾੜਿਆ ਸੀ, ਪਰੰਤੂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਜੀਰੀਆਂ ਭੋਗ ਰਹੇ ਸਾਡੇ ਪੰਜਾਬ ਦੇ ਮੰਤਰੀ ਤਮਾਸ਼ਬੀਨ ਬਣੇ ਹੋਏ ਹਨ।''
Bhagwant mann
ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਦੇ ਹਵਾਲੇ ਨਾਲ ਬਾਦਲ ਪਰਿਵਾਰ ਕੋਲੋਂ ਸਪਸ਼ਟੀਕਰਨ ਮੰਗਿਆ ਕਿ ਅਕਾਲੀ ਦਲ (ਬਾਦਲ) ਦਾ ਭਾਜਪਾ ਨਾਲ ਸਿਆਸੀ ਗੱਠਜੋੜ ਕਿਹੜੇ ਅਸੂਲਾਂ-ਸਿਧਾਂਤਾਂ ਦੇ ਆਧਾਰ 'ਤੇ ਟਿਕਿਆ ਹੋਇਆ ਹੈ? ਕੀ ਬਾਦਲ ਪਰਿਵਾਰ ਲਈ ਸਿਰਫ਼ ਹਰਸਿਮਰਤ ਕੋਰ ਬਾਦਲ ਦੀ ਵਜ਼ੀਰੀ ਹੀ ਸਭ ਕੁੱਝ ਹੈ?
Bhagwant Mann
ਜਿਹੜੇ ਪੰਜਾਬੀਆਂ ਨੇ ਬਾਦਲ ਪਰਿਵਾਰ ਨੂੰ 5 ਵਾਰ ਮੁੱਖ ਮੰਤਰੀ ਅਨੇਕਾਂ ਅੰਨ੍ਹੀਆਂ ਤਾਕਤਾਂ ਨਾਲ ਨਿਵਾਜਿਆ ਉਨ੍ਹਾਂ ਪੰਜਾਬੀਆਂ ਪ੍ਰਤੀ ਇਹ ਪਰਿਵਾਰ ਐਨਾ ਅਹਿਸਾਨ ਫ਼ਰਾਮੋਸ਼ ਕਿਉਂ ਹੈ ਕਿ ਕੇਂਦਰ ਅਤੇ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਲਈ ਵਾਰ-ਵਾਰ ਖਿਲਵਾੜ ਕੀਤੇ ਜਾਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਚੁੱਪੀ ਧਾਰ ਲੈਂਦੇ ਹਨ?
Harsimrat Badal
ਭਗਵੰਤ ਮਾਨ ਨੇ ਤੰਜ ਕੱਸਿਆ ਕਿ ਜਿਸ ਇੱਕ ਵਜ਼ੀਰੀ ਦੀ ਪੰਜਾਬ ਅਤੇ ਪੰਜਾਬੀਆਂ ਨੂੰ ਐਨੀਆਂ ਭਾਰੀ ਕੀਮਤਾਂ ਚੁਕਾਉਣੀਆਂ ਪੈਂਦੀਆਂ ਹੋਣ ਅਜਿਹੀ ਵਜ਼ੀਰੀ 'ਤੇ ਲੱਖ ਲਾਹਨਤਾਂ ਹਨ। ਭਗਵੰਤ ਮਾਨ ਨੇ ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਯੂਪੀ ਦੇ ਪੰਜਾਬੀ ਕਿਸਾਨਾਂ ਦੇ ਹੱਕ 'ਚ ਡਟਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਹ ਅੱਜ ਪੰਜਾਬੀ ਕਿਸਾਨਾਂ ਨਾਲ ਨਹੀਂ ਖੜੇ ਤਾਂ ਪੰਜਾਬ ਦੇ ਲੋਕ ਬਾਦਲਾਂ ਵਾਂਗ ਉਨ੍ਹਾਂ ਨੂੰ ਵੀ ਕਦੇ ਮੁਆਫ਼ ਨਹੀਂ ਕਰਨਗੇ।
Sukhbir Singh Badal
ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਮਸਲਾ ਕੇਂਦਰ ਅਤੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ। ਮਾਨ ਨੇ ਕਿਹਾ ਕਿ ਉਨ੍ਹਾਂ ਪੰਜਾਬੀ ਪਰਿਵਾਰਾਂ ਲਈ ਜਿੱਥੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪੰਜਾਬ ਵਿਧਾਨ ਸਭਾ ਦੀ ਇੱਕ ਸਰਬ ਪਾਰਟੀ ਕਮੇਟੀ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਭੇਜਿਆ ਜਾਣਾ ਚਾਹੀਦਾ ਹੈ।
ਉੱਥੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਇਕੱਠੇ ਹੋ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਉੱਜੜ ਕੇ ਆਏ ਪੰਜਾਬੀ ਕਿਸਾਨਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਤਰਾਈ ਦੇ ਵੀਰਾਨ ਇਲਾਕੇ ਨੂੰ ਖ਼ੁਸ਼ਹਾਲ ਬਣਾਇਆ।
ਜਿਸ ਜ਼ਮੀਨ 'ਤੇ ਜੋ ਪਰਿਵਾਰ ਤਿੰਨ ਪੀੜੀਆਂ ਤੋਂ ਕਾਸ਼ਤ ਕਰਦੇ ਅਤੇ ਵੱਸਦੇ ਆ ਰਹੇ ਹੋਣ ਉਸ 'ਤੇ ਸਰਕਾਰੀ ਤੰਤਰ ਵੱਲੋਂ ਧੱਕੇ ਨਾਲ ਕਬਜ਼ਾ ਨਹੀਂ ਕੀਤਾ ਜਾ ਸਕਦਾ। ਭਗਵੰਤ ਮਾਨ ਨੇ ਦੱਸਿਆ ਕਿ ਯੂਪੀ ਦੇ ਤਰਾਈ ਖੇਤਰ 'ਚ ਸਥਿਤ ਰਾਮਪੁਰ ਜ਼ਿਲ੍ਹੇ ਦੇ 15 ਪਿੰਡਾਂ ਦੀ ਜ਼ਮੀਨ 'ਤੇ ਹਜ਼ਾਰਾਂ ਪੰਜਾਬੀ ਪਿਛਲੇ 70 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ। ਜਿੰਨਾ ਤੋਂ ਸਰਕਾਰ ਹੁਣ ਧੱਕੇ ਨਾਲ ਜ਼ਮੀਨਾਂ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।