
ਨਹਿਰੀ ਪਾਣੀ ਦੀ ਬੰਦੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਰਾਜੇਵਾਲ ਦੀ ਅਗਵਾਈ 'ਚ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ.........
ਸ੍ਰੀ ਮੁਕਤਸਰ ਸਾਹਿਬ : ਨਹਿਰੀ ਪਾਣੀ ਦੀ ਬੰਦੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਰਾਜੇਵਾਲ ਦੀ ਅਗਵਾਈ 'ਚ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਦੁਪਹਿਰ ਕਰੀਬ ਡੇਢ ਵਜੇ ਸ਼ੁਰੂ ਹੋਇਆ ਇਹ ਧਰਨਾ ਸ਼ਾਮ ਦੇ ਸਾਢੇ 6 ਵਜੇ ਤੱਕ ਵੀ ਜਾਰੀ ਸੀ। ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਨਾਇਬ ਤਹਿਸੀਲਦਾਰ ਸ. ਚਰਨਜੀਤ ਸਿੰਘ ਅਤੇ ਨਹਿਰੀ ਮਹਿਕਮੇ ਦੇ ਐਸਡੀਓ ਬਲਵਿੰਦਰ ਕੁਮਾਰ ਵੀ ਬੇਰੰਗ ਹੀ ਪਰਤ ਗਏ। ਇਸ ਵੇਲੇ ਸਥਾਨਕ ਡੀਐਸਪੀ ਤਲਵਿੰਦਰ ਸਿੰਘ ਗਿੱਲ, ਥਾਣਾ ਸਦਰ ਦੇ ਐਸਐਚਓ ਅਸੋਕ ਕੁਮਾਰ
ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਹਾਜਰ ਸਨ। ਕਿਉਂਕਿ ਕਿਸਾਨ ਰਜ਼ਬਾਹੇ 'ਚ ਪਾਣੀ ਆਉਣ ਤੱਕ ਧਰਨੇ ਤੋਂ ਨਾ ਉਠਣ ਦੀ ਗੱਲ 'ਤੇ ਅੜੇ ਹੋਏ ਹਨ।
ਕਿਸਾਨਾਂ ਨੇ ਐਲਾਨ ਕੀਤਾ ਕਿ ਜਦ ਤੱਕ ਰਜ਼ਬਾਹੇ 'ਚ ਪਾਣੀ ਨਹੀਂ ਆਵੇਗਾ ਉਹ ਧਰਨਾ ਸਮਾਪਤ ਨਹੀਂ ਕਰਨਗੇ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪੂਰਾ ਦਿਨ ਟ੍ਰੈਫਿਕ ਵੀ ਜਾਮ ਰਿਹਾ। ਕੋਟਕਪੂਰਾ, ਫਿਰੋਜ਼ਪੁਰ, ਮੋਗਾ, ਜਲੰਧਰ, ਲੁਧਿਆਣਾ, ਅਮ੍ਰਿਤਸਰ, ਚੰਡੀਗੜ ਵੱਲ ਜਾਣ-ਆਉਣ ਵਾਲੀਆਂ ਸਾਰੀਆਂ ਬੱਸਾਂ ਦੂਜੇ ਪਾਸਿਉਂ ਦੀ ਪਿੰਡਾਂ 'ਚੋਂ ਹੋ ਕੇ ਆਉਂਦੀਆਂ-ਜਾਂਦੀਆਂ ਰਹੀਆਂ। ਕੁਝ ਲੋਕ ਧਰਨਾਕਾਰੀਆਂ ਨਾਲ ਝਗੜਦੇ ਵੀ ਰਹੇ।
ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਸਰਕਾਰ ਦੇ ਕਹਿਣ 'ਤੇ 20 ਜੂਨ ਤੋਂ ਬਾਅਦ ਹੀ ਝੋਨੇ ਦੀ ਬਿਜਾਈ ਕੀਤੀ ਹੈ, ਪਰ ਹੁਣ ਉਹਨਾਂ ਨੂੰ ਸਰਕਾਰ ਵੱਲੋਂ ਵਾਰ ਵਾਰ ਨਹਿਰੀ ਬੰਦੀ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦੀ ਦੇ ਕਾਰਨ ਹਜ਼ਾਰਾਂ ਏਕੜ ਫ਼ਸਲ ਖਰਾਬ ਹੋ ਰਹੀ ਹੈ। ਕਿਉਂਕਿ ਧਰਤੀ ਹੇਠਲਾ ਪਾਣੀ ਖਰਾਬ ਹੈ ਅਤੇ ਨਹਿਰੀ ਪਾਣੀ ਦੀ ਬੰਦੀ ਹੈ। ਉਪਰੋਂ ਬਿਜਲੀ ਸਪਲਾਈ ਵੀ ਘੱਟ ਆਉਂਦੀ ਹੈ। ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਕਿਸਾਨ ਧਰਨੇ 'ਤੇ ਡਟੇ ਹੋਏ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ, ਮੱਸਾ ਸਿੰਘ, ਰਮਨਦੀਪ ਸਿੰਘ, ਗੁਰਪਿਆਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।