
ਮੁਹਾਲੀ ਵਿਚ ਇਕ ਕਾਰ ਲੁੱਟਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਦਾ ਨੈਣਾ ਦੇਵੀ ਵਿਖੇ ਮੁਹਾਲੀ ਪੁਲਿਸ ਵਲੋਂ ਮੁਕਾਬਲਾ ਕੀਤਾ ਗਿਆ..............
ਨੰਗਲ/ਸ਼੍ਰੀ ਅਨੰਦਪੁਰ ਸਾਹਿਬ : ਮੁਹਾਲੀ ਵਿਚ ਇਕ ਕਾਰ ਲੁੱਟਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਦਾ ਨੈਣਾ ਦੇਵੀ ਵਿਖੇ ਮੁਹਾਲੀ ਪੁਲਿਸ ਵਲੋਂ ਮੁਕਾਬਲਾ ਕੀਤਾ ਗਿਆ ਜਿਸ ਦੌਰਾਨ ਇਕ ਗੈਂਗਸਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਦੋ ਗੈਂਗਸਟਰਾ ਨੂੰ ਪੁਲਿਸ ਨੇ ਕਾਬੂ ਕਰ ਲਿਆ। ਮੁਹਾਲੀ ਵਿਚ ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਇਕ ਵਰਨਾ ਕਾਰ ਦੀ ਲੁੱਟ ਹੋਈ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਸਤਰਕ ਹੋ ਗਈ ਤੇ ਪੁਲਿਸ ਇਸ ਲੁੱਟ ਘਟਨਾ ਨੂੰ
ਅੰਜ਼ਾਮ ਦੇਣ ਵਾਲੇ ਲੋਕਾਂ ਦੇ ਪਿੱਛੇ ਲੱਗ ਗਈ। ਪੁਲਿਸ ਇਨ੍ਹਾਂ ਦਾ ਪਿੱਛਾ ਕਰਦੀ ਹੋਈ ਹਿਮਾਚਲ ਪ੍ਰਦੇਸ਼ ਵਿਚ ਦਾਖ਼ਲ ਹੋਈ ਤਾਂ ਉਥੇ ਨੈਣਾ ਦੇਵੀ ਮੰਦਰ ਨਜ਼ਦੀਕ
ਪੰਜਾਬ ਪੁਲਿਸ ਨੂੰ ਲੁੱਟੀ ਕਾਰ ਦੀ ਪਛਾਣ ਹੋਈ। ਇਸ ਦੌਰਾਨ ਪੁਲਿਸ ਨੇ ਜਦੋਂ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਬਦਮਾਸ਼ਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਪਾਸਿਉਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈ। ਇਸ ਦੌਰਾਨ ਪੁਲਿਸ ਦੀ ਇਨ੍ਹਾਂ ਗੈਂਗਸਟਰਾਂ ਨਾਲ ਹੱਥੋਪਾਈ ਵੀ ਹੋਈ ਤੇ ਇਸ ਦੌਰਾਨ ਇਕ ਗੈਂਗਸਟਰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਮਾਰੇ ਗਏ ਗੈਂਗਸਟਰ ਦੀ ਪਛਾਣ ਸੰਨੀ ਮਸੀਹ ਵਜੋਂ ਹੋਈ ਹੈ। ਪੁਲਿਸ ਦੀ ਕਾਰਵਾਈ ਦੌਰਾਨ ਬਾਕੀ ਦੋਵੇਂ ਗੈਂਗਸਟਰਾਂ ਗੋਲਡੀ ਅਤੇ ਅਮਨ ਪੁਰੀ ਨੇ ਅਪਣੇ ਸਾਥੀ ਦੀ ਮੌਤ ਹੋਣ ਤੋਂ ਬਾਅਦ ਅਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿਤਾ। ਇਸ ਦੌਰਾਨ ਪੁਲਿਸ ਨੇ ਅਸਲੇ ਸਮੇਤ ਗੋਲੀਆਂ ਅਤੇ ਲੁੱਟੀ
ਵਰਨਾ ਕਾਰ ਬਰਾਮਦ ਕੀਤੀ ਹੈ। ਇਸ ਸਾਰੀ ਘਟਨਾ ਤੋਂ ਬਾਅਦ ਹਿਮਾਚਲ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਹਿਮਾਚਲ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਆਰੰਭੀ ਗਈ ਹੈ। ਹਿਮਾਚਲ ਪੁਲਿਸ ਵਲੋਂ ਇਸ ਮਾਮਲੇ ਵਿਚ ਪੰਜਾਬ ਪੁਲਿਸ ਦੇ ਬਿਆਨ 'ਤੇ ਪਰਚਾ ਦਰਜ ਕਰ ਦਿਤਾ ਗਿਆ ਹੈ ਤੇ ਮੌਕੇ 'ਤੇ ਫੜੇ ਗਏ ਦੋਵੇਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਿਮਾਚਲ ਪੁਲਿਸ ਵਲੋਂ ਜਿਥੇ ਫ਼ੋਰੈਸਿੰਕ ਟੀਮ ਜ਼ਰੀਏ ਇਸ ਪੁਲਿਸ ਮੁਕਾਬਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਉੇਥੇ ਹੀ ਇਸ ਸਾਰੇ ਮਾਮਲੇ ਦੀ ਮੈਜਿਸਟਰੀਅਲ ਜਾਂਚ ਵੀ ਕਰਵਾਈ ਜਾ ਰਹੀ ਹੈ ਤੇ ਇਸ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸੰਨੀ ਦਾ ਪੋਸਟ ਮਾਰਟਮ
ਡਾਕਟਰਾਂ ਦਾ ਬੋਰਡ ਬਣਾ ਕੇ ਕਰਵਾਇਆ ਜਾ ਰਿਹਾ ਹੈ ਜਦਕਿ ਹਿਮਾਚਲ ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਦੇ ਪਹਿਲੂ ਦਸਣ ਤੋਂ ਅਜੇ ਇਨਕਾਰ ਕੀਤਾ ਹੈ।
ਉਧਰ ਨੈਣਾ ਦੇਵੀ ਵਿਚ ਹੋਈ ਇਸ ਸਾਰੀ ਘਟਨਾ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਕਾਰਨ ਨੈਣਾ ਦੇਵੀ ਮੰਦਰ ਵਿਚ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪੁਲਿਸ ਵਲੋਂ ਮੰਦਰ ਨੂੰ ਜਾਣ ਵਾਲਾ ਇਕ ਰਸਤਾ ਬੰਦ ਕਰ ਦਿਤਾ ਗਿਆ ਜਦਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਇਥੇ ਅੱਜ ਤੋਂ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਹੋਈ ਜਿਸ ਵਿਚ ਗੋਲੀ ਚਲੀ ਹੋਵੇ।