
ਮਜ਼ਦੂਰੀ ਕਰ ਕੇ ਘਰ ਪਰਤ ਰਿਹਾ ਸੀ ਜਗਦੀਸ਼
ਫਿਰੋਜ਼ਪੁਰ : ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਫਿਰੋਜ਼ਪੁਰ 'ਚ ਸਤਲੁਜ ਦੇ ਤੇਜ਼ ਵਹਾਅ 'ਚ ਲੋਕਾਂ ਦੀਆਂ ਅੱਖਾਂ ਸਾਹਮਣੇ ਇਕ ਨੌਜੁਆਨ ਵਹਿ ਗਿਆ। ਹਰ ਕੋਈ ਉਸ ਦੀ ਵੀਡੀਓ ਬਣਾਉਂਦਾ ਰਿਹਾ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਪਹਾੜੀ ਖੇਤਰਾਂ ਸਣੇ ਪੰਜਾਬ ਭਰ ’ਚ ਹੋਈ ਭਾਰੀ ਬਰਾਸ਼ ਦੇ ਨਾਲ ਜਿਥੇ ਕਿ ਪੰਜਾਬ ਦੇ ਦਰਿਆਵਾਂ ’ਚ ਪਾਣੀ ਦਾ ਪੱਧਰ ਵੱਧਣ ਨਾਲ ਪੰਜਾਬ ਦੇ ਹਰੇਕ ਜ਼ਿਲ੍ਹੇ ਅੰਦਰ ਹੜ੍ਹਾਂ ਦੇ ਪਾਣੀ ਨਾਲ ਲੋਕ ਸੰਤਾਪ ਭੋਗ ਰਹੇ ਹਨ ਅਤੇ ਕਈ ਜ਼ਿਲ੍ਹਿਆਂ ਤੋਂ ਮੰਦਭਾਗੀ ਖ਼ਬਰਾਂ ਵੀ ਸਾਹਮਣੇ ਆਇਆ ਹਨ ਅਤੇ ਜਿਨ੍ਹਾਂ ਵਿਚ ਕੁੱਝ ਨੌਜੁਆਨਾਂ ਦੀ ਪਾਣੀ ਦੇ ਤੇਜ਼ ਵਹਾਅ ’ਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ।
ਇਸੇ ਤਰ੍ਹਾਂ ਦੀ ਇੱਕ ਦਰਦਨਾਕ ਖ਼ਬਰ ਹਲਕਾ ਗੁਰੂਹਰਸਹਾਏ ਦੇ ਸਰਹੱਦੀ ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਤੋਂ ਆਈ ਹੈ। ਜਿਥੇ ਇਕ ਵਿਅਕਤੀ ਜਗਦੀਸ਼ ਸਿੰਘ (41) ਪੁੱਤਰ ਵੀਰ ਸਿੰਘ ਦੀ ਸਤਲੁਜ ਦਰਿਆ ਦੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਉਸ ਦੇ ਪ੍ਰਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਬੀਤੀ ਦੇਰ ਸ਼ਾਮ ਕਰੀਬ 7 ਵਜੇ ਅਪਣੇ ਕੰਮ ਤੋ ਵਾਪਸ ਪਿੰਡ ਪਰਤ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਣ ਕਾਰਨ ਦਰਿਆ ਵਿਚ ਡਿੱਗ ਗਿਆ ਅਤੇ ਦਰਿਆ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਡੁੱਬ ਗਿਆ ਅਤੇ ਆਸ ਪਾਸ ਖੜ੍ਹੇ ਲੋਕਾਂ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਨੂੰ ਅਪਣੇ ਨਾਲ ਰੋੜ੍ਹ ਕੇ ਲੈ ਗਿਆ ਅਤੇ ਉਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਭਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਰਾਤ ਹੋਣ ਕਾਰਨ ਲੱਭਣਾ ਮੁਸ਼ਕਲ ਸੀ।
ਜਿਸ ਤੋਂ ਬਾਅਦ ਸਵੇਰੇ ਕੁਝ ਵਿਅਕਤੀਆਂ ਵਲੋਂ ਉਸ ਦੀ ਲਾਸ਼ ਨੂੰ ਕਿਨਾਰੇ ਲੱਗੇ ਦੇਖਿਆ ਤਾਂ ਉਸ ਵਕਤ ਪ੍ਰਵਾਰ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਪ੍ਰਵਾਰ ਨੇ ਮ੍ਰਿਤਕ ਜਗਦੀਸ਼ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਜਦ ਇਸ ਸੰਬੰਧੀ ਪੁਲਿਸ ਪਾਰਟੀ ਨੂੰ ਖ਼ਬਰ ਮਿਲੀ ਤਾਂ ਲਾਸ਼ ਨੂੰ ਪਿੰਡ ਵਾਸੀਆਂ ਦੀ ਮਦਦ ਪਿੰਡ ਤੋਂ ਬਾਹਰ ਟਰੈਕਟਰ ਟਰਾਲੀ ’ਤੇ ਲਿਆਂਦਾ ਗਿਆ ਅਤੇ ਐਂਬੂਲੈਂਸ ਜ਼ਰੀਏ ਫਿਰੋਜ਼ਪੁਰ ਪੋਸਟਮਾਰਟਮ ਲਈ ਭੇਜ ਦਿਤਾ ਗਿਆ।