
ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਆਜ਼ਾਦੀ ਦੇ ਉਹ ਨਾਇਕ ਸਨ, ਜਿਨ੍ਹਾਂ ਨੇ ਜਵਾਨੀ ’ਚ ਆਪਣੀਆਂ ਜਿੰਦਾਂ ਵਾਰੀਆਂ
ਚੰਡੀਗੜ੍ਹ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉੁਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਯਾਦਗਾਰਾਂ ਨੂੰ ਵਿਰਾਸਤੀ ਸੈਰ ਸਪਾਟੇ ਦੇ ਮੰਤਵ ਨਾਲ ਹੋਰ ਖੂਬਰਸੂਰਤ ਦਿੱਖ ਦਿੱਤੀ ਜਾਵੇਗੀ ਤਾਂ ਜੋ ਦੇਸ਼ ਦੇ ਮਹਾਨ ਸਪੂਤ ਸਰਦਾਰ ਭਗਤ ਸਿੰਘ ਦੇ ਪਿੰਡ ਨੂੰ ਦੇਸ਼-ਵਿਦੇਸ਼ ਤੋਂ ਦੇਖਣ ਆਉਣ ਵਾਲੇ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਦੀ ਲਹਿਰ ਨਾਲ ਜੁੜੇ ਰਹੇ ਉਨ੍ਹਾਂ ਦੇ ਪਰਿਵਾਰ ਅਤੇ ਦੇਸ਼ ਦੀ ਆਜ਼ਾਦੀ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਆਪਣੇ ਨਾਇਕ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ।
Anmol Gagan Mann at Khatkar Kalan
ਅੱਜ ਦੇਸ਼ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਬਣੀਆਂ ਯਾਦਗਾਰਾਂ ਵਿਖੇ ਨਤਮਸਤਕ ਹੋਣ ਪੁੱਜੇ ਕਿਰਤ, ਯਾਤਰਾ ਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਆਖਿਆ ਕਿ ਉਨ੍ਹਾਂ ਲਈ ਇਸ ਤੋਂ ਵੱਡੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਕਿ ਉਨ੍ਹਾਂ ਅੱਜ ਦੇ ਪਵਿੱਤਰ ਦਿਨ ਦੀ ਸ਼ੁਰੂਆਤ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀ ਧਰਤੀ ਦੀ ਮਿੱਟੀ ਛੋਹ ਕੇ ਕੀਤੀ। ਉਨ੍ਹਾਂ ਕਿਹਾ ਸ਼ਹੀਦ ਭਗਤ ਸਿੰਘ ਆਜ਼ਾਦੀ ਦੇ ਉਹ ਨਾਇਕ ਸਨ, ਜਿਨ੍ਹਾਂ ਨੇ ਜਵਾਨੀ ’ਚ ਆਪਣੀਆਂ ਜਿੰਦਾਂ ਵਾਰੀਆਂ।
Anmol Gagan Mann at Khatkar Kalan
ਉਨ੍ਹਾਂ ਆਖਿਆ ਕਿ ਪੰਜਾਬ ਦੇਸ਼ ਦੇ ਸੁਤੰਤਰਤਾ ਅੰਦੋਲਨ ਵਿੱਚ ਆਪਣੇ ਆਜ਼ਾਦੀ ਘੁਲਾਟੀਆਂ ਦੀ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਅਤੇ ਸਭ ਤੋਂ ਵਧੇਰੇ ਤਸ਼ੱਦਦ ਸਹਿ ਕੇ ਤੇ ਜੇਲ੍ਹਾਂ ਕੱਟ ਕੇ ਲਾ-ਮਿਸਾਲ ਯੋਗਦਾਨ ਦੇਣ ਵਾਲਾ ਸੂਬਾ ਹੈ। ਉਨ੍ਹਾਂ ਆਖਿਆ ਕਿ ਵਾਹਿਗੁਰੂ ਸਾਡੇ ਪੰਜਾਬ ’ਤੇ ਅਤੇ ਪੰਜਾਬੀਆਂ ’ਤੇ ਹਮੇਸ਼ਾਂ ਮੇਹਰ ਭਰਿਆ ਹੱਥ ਬਣਾਈ ਰੱਖੇ।
Anmol Gagan Mann at Khatkar Kalan
ਬਾਅਦ ਵਿੱਚ ਸ਼ਹੀਦ ਭਗਤ ਸਿੰਘ ਜੱਦੀ ਘਰ ਦਾ ਦੌਰਾ ਕਰਨ ਮੌਕੇ ਉਨ੍ਹਾਂ ਸ਼ਹੀਦ-ਏ-ਆਜ਼ਮ ਦੇ ਪਰਿਵਾਰ ਨਾਲ ਜੁੜੀਆਂ ਸਾਰੀਆਂ ਪੁਰਾਤਨ ਵਸਤਾਂ ਨੂੰ ਗਹੁ ਨਾਲ ਦੇਖਿਆ। ਉਨ੍ਹਾਂ ਇਕੱਲੇ-ਇਕੱਲੇ ਕਮਰੇ ਦਾ ਦੌਰਾ ਕਰ, ਉੱਥੇ ਪਈਆਂ ਵਸਤਾਂ ਨੂੰ ਛੋਹ ਕੇ ਦੇਖਿਆ ਅਤੇ ਸ਼ਹੀਦ ਦੇ ਪਰਿਵਾਰ ਦੀ ਵਿਰਾਸਤ ਨੂੰ ਮਹਿਸੂਸ ਕੀਤਾ। ਉਨ੍ਹਾਂ ਨੇ ਉੱਥੇ ਮੌਜੂਦ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਆਖਿਆ ਕਿ ਉਹ ਸ਼ਹੀਦ-ਏ-ਆਜ਼ਮ ਦੇੇ ਜੱਦੀ ਪਿੰਡ ਨੂੰ ਹੋਰ ਖੂਬਸੂਰਤ ਤੇ ਵਿਰਾਸਤੀ ਸੈਰ ਸਪਾਟੇ ਦਾ ਸਥਾਨ ਬਣਾਉਣ ਲਈ ਕੀਤੇ ਜਾ ਸਕਦੇ ਕੰਮਾਂ ਦੀ ਤਫ਼ਸੀਲ ਬਣਾ ਕੇ ਭੇਜਣ ਤਾਂ ਜੋ ਯਾਤਰਾ ਤੇ ਸਭਿਅਚਾਰਕ ਮਾਮਲੇ ਵਿਭਾਗ ਇਸ ’ਤੇ ਅਗਲੇਰੀ ਕਾਰਵਾਈ ਆਰੰਭ ਸਕੇ। ਇਸ ਮੌਕੇ ਐਮ ਐਲ ਏ ਬਲਾਚੌਰ ਸੰਤੋਸ਼ ਕਟਾਰੀਆ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ ਤੇ ਹੋਰ ਅਧਿਕਾਰੀ ਮੌਜੂਦ ਸਨ।