
‘ਦੁਆਬੇ ਦੇ ਗਾਂਧੀ’ ਵਜੋਂ ਮਸ਼ਹੂਰ ਆਜ਼ਾਦੀ ਘੁਲਾਟੀਏ ਪੰਡਿਤ ਮੂਲ ਰਾਜ ਸ਼ਰਮਾ ਦੀ ਕਹਾਣੀ ਉਨ੍ਹਾਂ ਦੇ ਪੁੱਤਰ ਅਤੇ ਪੋਤੇ ਦੀ ਜ਼ੁਬਾਨੀ
ਜਲੰਧਰ (ਬਿਕਰਮ ਸਿੰਘ/ ਰਾਘਵ ਜੈਨ) : ਦੇਸ ਨੂੰ ਆਜਾਦੀ ਕਰਵਾਉਣ ਲਈ ਲੜਨ ਵਾਲਾ ਆਜਾਦੀ ਘੁਲਾਟੀਆਂ ਦੀਆਂ ਕਹਾਣੀਆਂ ਏਨੀਆਂ ਦਿਲਚਸਪ ਹੁੰਦੀਆਂ ਹਨ ਕਿ ਦਿਲੋ-ਦਿਮਾਗ ’ਤੇ ਅਪਣੀ ਛਾਪ ਛੱਡ ਜਾਂਦੀਆਂ ਹਨ। ਅਜਿਹੀ ਹੀ ਕਹਾਣੀ ਜਲੰਧਰ ਵਸਦੇ ਆਜਾਦੀ ਘੁਲਾਟੀਏ ਪ੍ਰਵਾਰ ਦੀ ਹੈ ਜਿਨ੍ਹਾਂ ਨੇ ਦੇਸ ਦੀ ਆਜਾਦੀ ਲਈ ਬਹੁਤ ਕੁਝ ਕੁਰਬਾਨ ਕਰ ਦਿਤਾ। ਅਸੀਂ ਗੱਲ ਕਰ ਰਹੇ ਹਾਂ ਜਲੰਧਰ ਸਹਿਰ ’ਚ ਦੇ ਰਵਿੰਦਰ ਨਗਰ ’ਚ ਵਸੇ ਸਰਮਾ ਪ੍ਰਵਾਰ ਦੀ, ਜਿਨ੍ਹਾਂ ਨੇ ਅੰਗਰੇਜਾਂ ਸਮੇਂ ਦੇਸ ਦੀ ਆਜਾਦੀ ਲਈ ਕਈ ਤਸੀਹੇ ਝੱਲੇ ਅਤੇ ਜੇਲ ਤਕ ਵੀ ਕੱਟੀ।
95 ਵਰਿ੍ਹਆਂ ਦੇ ਦੇਵ ਵਰਤ ਸਰਮਾ ਨੇ ਰੋਜਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਦਾ ਜਨਮ ਨਵਾਂਸਹਿਰ ਦੇ ਹਲਕਾ ਬੰਗਾ ਦੇ ਪਿੰਡ ਖਾਨਖਾਨਾ ’ਚ 1928 ’ਚ ਹੋਇਆ ਸੀ ਅਤੇ ਉਥੋਂ ਹੀ ਉਨ੍ਹਾਂ ਨੇ ਸਿਖਿਆ ਪ੍ਰਾਪਤ ਕੀਤੀ ਸੀ। ਉਹ ਬਣੇ ਮਾਣ ਨਾਲ ਦਸਦੇ ਹਨ ਕਿ ਉਨ੍ਹਾਂ ਦੇ ਪਿਤਾ ਵੱਡੇ ਆਜਾਦੀ ਘੁਲਾਟੀਏ ਸਨ ਜਿਨ੍ਹਾਂ ਨੇ ਆਜਾਦੀ ਦੀ ਲੜਾਈ ਦੌਰਾਨ ਅੱਠ ਸਾਲ ਜੇਲ ’ਚ ਕੱਟੇ ਅਤੇ ਜੇਲ ’ਚ ਅਜਿਹਾ ਕਾਰਨਾਮਾ ਕਰ ਕੇ ਵਿਖਾਇਆ ਜੋ ਹੋਰ ਕੋਈ ਨਾ ਕਰ ਸਕਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਪੰਡਿਤ ਮੂਲ ਰਾਜ ਸਰਮਾ ਨੇ ਬਸਤੀਵਾਦੀ ਹਕੂਮਤ ਦਾ ਵਿਰੋਧ ਕਰਨ ਲਈ ਜੇਲ ’ਚ ਕਪੜਿਆਂ ਦੇ ਕਈ ਟੁਕੜੇ ਇਕੱਠੇ ਕਰ ਕੇ ਇਕ ਤਿਰੰਗਾ ਝੰਡਾ ਬਣਾਇਆ ਅਤੇ ਅੰਗਰੇਜਾਂ ਦੀ ਜੇਲ ’ਤੇ ਲਹਿਰਾ ਦਿਤਾ। ਇਸ ਮੌਕੇ ਮੌਜੂਦ ਦੇਵ ਵਰਤ ਸਰਮਾ ਦੇ ਪੁੱਤਰ ਰਜਤ ਸਰਮਾ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਬਚਪਨ ’ਚ ਅਪਣੇ ਦਾਦੇ ਬਾਰੇ ਆਜਾਦੀ ਸੰਗਰਾਮ ਦੀਆਂ ਯਾਦਾਂ ਦਸਦੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਜੇਲ ’ਚ ਤਿਰੰਗਾ ਲਹਿਰਾਉਣ ਕਾਰਨ ਉਨ੍ਹਾਂ ਦੇ ਦਾਦਾ ਨੂੰ ਡੰਡਾ ਬੇੜੀ ਦੀ ਸਜਾ ਦਿਤੀ ਗਈ ਸੀ। ਇਹ ਸਜਾ ਪੈਰਾਂ ’ਚ ਡੰਡਾ ਬੰਨ੍ਹ ਕੇ ਦਿਤੀ ਜਾਂਦੀ ਸੀ ਕਿ ਬੰਦਾ ਹਿੱਲ ਵੀ ਨਹੀਂ ਸੀ ਸਕਦਾ। ਸਜਾ ਦੌਰਾਨ ਵਿਅਕਤੀ ਇਸ ਸਥਿਤੀ ’ਚ ਖੜਾ ਹੀ ਰਹਿੰਦਾ ਸੀ।
ਰਜਤ ਸਰਮਾ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਸਾਰੀ ਜ਼ਿੰਦਗੀ ਆਜਾਦੀ ਸੰਗਰਾਮ ਅਤੇ ਸਮਾਜ ਸੁਧਾਰ ਲਈ ਸਮਰਪਿਤ ਰਹੇ। ਉਨ੍ਹਾਂ ਦਸਿਆ, ‘‘ਉਹ ਦੇਸ ਨੂੰ ਏਨੇ ਸਮਰਪਿਤ ਸਨ ਕਿ ਪ੍ਰਵਾਰ ਦੀ ਵੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪੁੱਤਰ ਕਿਸ ਜਮਾਤ ’ਚ ਪੜ੍ਹਦੈ। ਇਕ ਵਾਰੀ ਜਦੋਂ ਮੇਰੇ ਪਿਤਾ ਨੇ ਲਾਅ ਦੀ ਪੜ੍ਹਾਈ ਪਾਸ ਕੀਤੀ ਤਾਂ ਉਨ੍ਹਾਂ ਨੂੰ ਖੁਸੀ ਨਾਲ ਦੱਸਣ ਗਏ। ਅੱਗੋਂ ਮੇਰੇ ਦਾਦਾ ਪੁੱਛਣ ਲੱਗੇ ਕਿ ਤੂੰ ਲਾਅ ’ਚ ਦਾਖਲਾ ਕਦੋਂ ਲਿਆ ਸੀ?’’
ਰਜਤ ਸਰਮਾ ਦਸਿਆ ਕਿ ਉਨ੍ਹਾਂ ਦੇ ਪਿਤਾ ਦੇਵ ਵਰਤ ਸਰਮਾ ਵੀ ਆਜਾਦੀ ਸੰਗਰਾਮ ’ਚ ਲੱਗੇ ਰਹੇ ਸਨ ਅਤੇ ਉਹ ਆਜਾਦੀ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਪਰਚੇ ਵੰਡਦੇ ਹੁੰਦੇ ਸਨ। ਇਸੇ ਕਾਰਨ ਉਨ੍ਹਾਂ ਨੂੰ ਅੰਗਰੇਜ ਹਕੂਮਤ ਨੇ 14 ਸਾਲਾਂ ਦੀ ਛੋਟੀ ਉਮਰ ’ਚ ਉਨ੍ਹਾਂ ਨੂੰ ਭਾਰਤ ਛੱਡੋ ਅੰਦੋਲਨ ’ਚ ਹਿੱਸਾ ਲੈਣ ਦੇ ਜੁਰਮ ਹੇਠ ਫੜ ਕੇ ਜੇਲ ’ਚ ਸੁੱਟ ਦਿਤਾ ਸੀ। ਉਨ੍ਹਾਂ ਕਿਹਾ, ‘‘ਮੇਰੇ ਪਿਤਾ ’ਤੇ ਜੇਲ ’ਚ ਬਹੁਤ ਤਸੱਦਦ ਕੀਤੇ। ਗਰਮ ਸਲਾਖਾਂ ਨਾਲ ਮਾਰਿਆ ਗਿਆ, ਜਿਸ ਦੇ ਨਿਸਾਨ ਅਜੇ ਤਕ ਉਨ੍ਹਾਂ ਦੇ ਪਿੰਡੇ ’ਤੇ ਹਨ।’’
ਦੇਵ ਵਰਤ ਸਰਮਾ ਨੂੰ ਆਜਾਦੀ ਤੋਂ ਬਾਅਦ ਹੋਈ ਹਿੰਸਾ ਦਾ ਨਜਾਰਾ ਵੀ ਯਾਦ ਹੈ ਜਦੋਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਜਬਰਦਸਤ ਹਿੰਸਾ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਅਜਿਹਾ ਸਮਾਂ ਸੀ ਜਦੋਂ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਦੋਸਤ ਬਾਬੂ ਲਾਭ ਸਿੰਘ ਦਾ ਹਿੰਸਾ ਦੌਰਾਨ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਦਸਿਆ ਕਿ ਦੇਸ ਲਈ ਏਨੇ ਦੁੱਖ ਸਹਿਣ ਕਰਨ ਮਗਰੋਂ ਵੀ ਉਨ੍ਹਾਂ ਅਪਣੀ ਮਿਹਨਤ ਨਾਲ ਨੌਕਰੀ ਹਾਸਲ ਕੀਤੀ ਅਤੇ ਸਰਕਾਰਾਂ ਉਨ੍ਹਾਂ ਲਈ ਕੁਝ ਵੀ ਨਾ ਕਰ ਸਕੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 15 ਅਗੱਸਤ ਜਾਂ 26 ਜਨਵਰੀ ਮੌਕੇ ਸਨਮਾਨ ਕੀਤੇ ਜਾਣ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੋਈ ਮਦਦ ਨਹੀਂ ਮਿਲੀ।