
ਤਨਖ਼ਾਹਾਂ ਵਿਚ 30 ਫ਼ੀ ਸਦੀ ਵਾਧੇ ਦੇ ਫ਼ੈਸਲੇ ਤੋਂ ਬਾਅਦ ਰੋਡਵੇਜ਼ ਕਾਮਿਆਂ ਦੀ ਹੜਤਾਲ ਖ਼ਤਮ
ਅੱਜ ਤੋਂ ਮੁੜ ਚਲਣਗੀਆਂ ਪੀ.ਆਰ.ਟੀ.ਸੀ. ਤੇ ਪਨਬਸ ਦੀਆਂ ਬਸਾਂ
ਚੰਡੀਗੜ੍ਹ, 14 ਸਤੰਬਰ (ਗੁਰਉਪਦੇਸ਼ ਭੁੱਲਰ): ਤਨਖ਼ਾਹਾਂ ਵਿਚ 30 ਫ਼ੀ ਸਦੀ ਵਾਧੇ ਦੇ ਫ਼ੈਸਲੇ ਬਾਅਦ ਪੀ.ਆਰ.ਟੀ.ਸੀ. ਅਤੇ ਪਨਬਸ ਦੇ ਕੱਚੇ ਕਾਮਿਆਂ ਨੇ 9 ਦਿਨ ਤੋਂ ਚਲ ਰਹੀ ਅਣਮਿਥੇ ਸਮੇਂ ਦੀ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿਤਾ ਹੈ |
ਅੱਜ ਇਥੇ ਪੰਜਾਬ ਸਕੱਤਰੇਤ ਵਿਚ ਮੁੱਖ ਮੰਤਰੀ ਦਫ਼ਤਰ ਵਿਚ ਕੱਚੇ ਕਾਮਿਆਂ ਦੇ ਆਗੂਆਂ ਦੇ 5 ਮੈਂਬਰੀ ਵਫ਼ਦ ਦੀ ਸਰਕਾਰ ਨਾਲ ਦੋ ਗੇੜ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਸਰਕਾਰ ਵਲੋਂ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਅਤੇ ਕਾਮਿਆਂ ਵਲੋਂ ਪਨਬਸ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਵਫ਼ਦ ਸ਼ਾਮਲ ਸੀ | ਮੀਟਿੰਗ ਵਿਚ ਜਿਥੇ ਕੱਚੇ ਕਾਮਿਆਂ ਦੀਆਂ ਤਨਖ਼ਾਹਾਂ ਵਿਚ 30 ਫ਼ੀ ਸਦੀ ਵਾਧਾ 15 ਸਤੰਬਰ ਤੋਂ ਹੀ ਲਾਗੂ ਕਰਨ ਬਾਰੇ ਵੀ ਸਹਿਮਤੀ ਹੋਈ ਹੈ, ਉਥੇ ਸਰਕਾਰ ਵਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਬਾਰੇ ਵੀ ਇਕ ਹਫ਼ਤੇ ਅੰਦਰ ਫ਼ੈਸਲਾ ਲੈਣ ਦਾ ਭਰੋਸਾ ਦਿਤਾ ਗਿਆ ਹੈ | ਰੋਡਵੇਜ਼ ਦੇ ਬੇੜੇ ਵਿਚ 845 ਨਵੀਆਂ ਬਸਾਂ ਪਾਉਣ ਅਤੇ ਨੌਕਰੀ ਤੋਂ ਬਾਹਰ ਕੀਤੇ ਕਾਮਿਆਂ ਦੀ ਬਹਾਲੀ ਦੀ ਮੰਗ ਵੀ ਪ੍ਰਵਾਨ ਕੀਤੀ ਗਈ ਹੈ | ਮੀਟਿੰਗ ਤੋਂ ਬਾਅਦ ਰੋਡਵੇਜ਼ ਦੇ ਕੱਚੇ ਕਾਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਨੇ ਮੰਗਾਂ 'ਤੇ ਸਰਕਾਰ ਦੇ ਹਾਂ ਪੱਖੀ ਰਵਈਏ ਤੇ ਵਿਚਾਰ ਵਟਾਂਦਰਾ ਕਰ ਕੇ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ |
15 ਸਤੰਬਰ ਤੋਂ ਪੀ.ਆਰ.ਟੀ.ਸੀ. ਅਤੇ ਪਨਬਸ ਦੀਆਂ ਚੱਕਾ ਜਾਮ ਕਰ ਕੇ ਬੰਦ ਪਈਆਂ ਬਸਾਂ ਮੁੜ ਚਲਣਗੀਆਂ | ਯੂਨੀਅਨ ਆਗੂਆਂ ਨੇ ਇਹ ਵੀ ਸਪੱਸ਼ਟ ਕਰ ਦਿਤਾ ਕਿ ਸਰਕਾਰ ਵਲੋਂ ਪ੍ਰਵਾਨ ਮੰਗਾਂ 'ਤੇ ਕਾਰਵਾਈ ਦੇ ਅਮਲ ਨੂੰ 15 ਦਿਨ ਦੇਖਿਆ ਜਾਵੇਗਾ ਅਤੇ ਜੇ ਮੰਗਾਂ ਤੋਂ ਇਧਰ ਉਧਰ ਹੋਣ ਦਾ ਸਰਕਾਰ ਨੇ ਯਤਨ ਕੀਤਾ ਤਾਂ 29 ਸਤੰਬਰ ਤੋਂ ਬਾਅਦ ਮੁੁੜ ਚੱਕਾ ਜਾਮ ਹੋ ਸਕਦਾ ਹੈ |