ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਦੇ ਉਦਯੋਗ ਲਈ ਵੱਡੀਆਂ ਪਹਿਲਕਦਮੀਆਂ ਦਾ ਐਲਾਨ
Published : Sep 15, 2023, 5:28 pm IST
Updated : Sep 15, 2023, 5:28 pm IST
SHARE ARTICLE
CM Bhagwant Mann announced major initiatives for the industry of Ludhiana
CM Bhagwant Mann announced major initiatives for the industry of Ludhiana

ਰਿਹਾਇਸ਼ੀ ਇਲਾਕਿਆਂ ਤੋਂ ਸ਼ਿਫਟ ਕਰਨ ਲਈ ਲੁਧਿਆਣਾ ਦੀ ਸਨਅਤ ਨੂੰ ਤਿੰਨ ਵਰ੍ਹਿਆਂ ਦੀ ਦਿੱਤੀ ਮੋਹਲਤ

 

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਉਦਯੋਗਿਕ ਗਤੀਵਿਧੀਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਆਉਂਦੇ ਦਿਨਾਂ ਵਿੱਚ ਉਦਯੋਗਿਕ ਫੋਕਲ ਪੁਆਇੰਟਾਂ ਅਤੇ ਸਨਅਤੀ ਜ਼ੋਨਾਂ ਦੀ ਕਾਇਆ ਕਲਪ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ‘ਸਰਕਾਰ-ਸਨਅਤਕਾਰ ਮਿਲਣੀ’ ਵਿੱਚ ਇਕੱਤਰ ਹੋਏ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫੋਕਲ ਪੁਆਇੰਟਾਂ ਅਤੇ ਸਨਅਤੀ ਜ਼ੋਨਾਂ ਦੀ ਹਾਲਤ ਬਹੁਤ ਮਾੜੀ ਹੈ ਜਿਸ ਨਾਲ ਉਦਯੋਗ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਨ੍ਹਾਂ ਫੋਕਲ ਪੁਆਇੰਟਾਂ ਅਤੇ ਸਨਅਤੀ ਜ਼ੋਨਾਂ ਦੇ ਵਿਆਪਕ ਵਿਕਾਸ ਨਾਲ ਇਹ ਸਮੱਸਿਆ ਛੇਤੀ ਹੀ ਦੂਰ ਹੋ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਵਿਸਥਾਰਤ ਰੂਪ-ਰੇਖਾ ਤਿਆਰ ਕੀਤੀ ਗਈ ਹੈ ਤਾਂ ਕਿ ਉਦਯੋਗਪਤੀਆਂ ਨੂੰ ਸਹੂਲਤ ਦੇਣ ਦੇ ਨਾਲ-ਨਾਲ ਫੋਕਲ ਪੁਆਇੰਟਾਂ ਦਾ ਮੁਹਾਂਦਰਾ ਬਦਲਿਆ ਜਾ ਸਕੇ।

 

72 ਘੰਟਿਆਂ ਵਿੱਚ ਮਿਲੇਗੀ ਬੇਸਮੈਂਟ ਦੀ ਖੁਦਾਈ ਕਰਨ ਦੀ ਪ੍ਰਵਾਨਗੀ

ਮੁੱਖ ਮੰਤਰੀ ਨੇ ਲੇਬਰ ਕਾਲੋਨੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਬਿਜਲੀ ਮੀਟਰ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੋਨੀਆਂ ਵਿੱਚ ਕਿਰਤੀ ਵਰਗ ਅਤੇ ਹੋਰ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਇਹ ਮੀਟਰ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਆਪਣਾ ਜੀਵਨ ਆਰਾਮਦਾਇਕ ਢੰਗ ਨਾਲ ਬਤੀਤ ਕਰ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੁਨਿਆਦੀ ਸਹੂਲਤਾਂ ਹਰੇਕ ਵਿਅਕਤੀ ਦਾ ਹੱਕ ਹੈ ਅਤੇ ਸੂਬਾ ਸਰਕਾਰ ਇਸ ਨੂੰ ਯਕੀਨੀ ਬਣਾਏਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸੇ ਵੀ ਇਮਾਰਤ ਦੀ ਉਸਾਰੀ ਲਈ ਇਛੁੱਕ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਨਅਤਕਾਰ ਨੇ ਬੇਸਮੈਂਟ ਲਈ ਖੁਦਾਈ ਕਰਨੀ ਹੈ ਤਾਂ ਉਸ ਲਈ ਇਨਵੈਸਟ ਪੰਜਾਬ ਦੇ ਪੋਰਟਲ ਉਤੇ ਅਪਲਾਈ ਕਰਨਾ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਖੁਦਾਈ ਲਈ 72 ਘੰਟਿਆਂ ਵਿੱਚ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਜੇਕਰ ਇਸ ਸਮੇਂ ਵਿੱਚ ਪ੍ਰਵਾਨਗੀ ਨਹੀਂ ਮਿਲਦੀ ਤਾਂ ਇਸ ਨੂੰ ਪ੍ਰਵਾਨ ਹੀ ਸਮਝਿਆ ਜਾਵੇਗਾ।

ਸੂਬੇ ਵਿੱਚ ਨਵੀਂ ਉਦਯੋਗਿਕ ਨੀਤੀ ਲਾਗੂ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਰਿਹਾਇਸ਼ੀ ਇਲਾਕਿਆਂ ਤੋਂ ਸ਼ਿਫਟ ਹੋਣ ਲਈ ਲੁਧਿਆਣਾ ਦੀ ਸਨਅਤ ਨੂੰ ਤਿੰਨ ਵਰ੍ਹਿਆਂ ਦੀ ਮੋਹਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਉਂਦੇ ਸਮੇਂ ਵਿੱਚ ਅਜਿਹੇ ਇਲਾਕਿਆਂ ਦੀ ਸਥਿਤੀ ਬਾਰੇ ਫੈਸਲਾ ਲੈਣ ਲਈ ਕਮੇਟੀ ਦਾ ਗਠਨ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੁਧਿਆਣਾ ਵਿੱਚ ਉਦਯੋਗ ਦੀ ਤਰੱਕੀ ਲਈ ਵਚਨਬੱਧ ਹੈ ਜਿਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗ ਨੂੰ ਸੁਖਾਵਾਂ ਮਾਹੌਲ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਦਯੋਗ ਉਦੋਂ ਹੀ ਵਿਕਾਸ ਕਰਦਾ ਹੈ, ਜਦੋਂ ਉਨ੍ਹਾਂ ਦਾ ਭਰੋਸਾ ਸਰਕਾਰ ਦੀਆਂ ਨੀਤੀਆਂ ਅਤੇ ਅਮਨ-ਕਾਨੂੰਨ ਦੀ ਵਿਵਸਥਾ ਵਿੱਚ ਹੋਵੇ ਅਤੇ ਸੂਬਾ ਸਰਕਾਰ ਸਨਅਤਕਾਰਾਂ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਉਦਯੋਗਿਕ ਸੈਕਟਰ ਵਿੱਚ ਪੰਜਾਬ ਦਾ ਅੱਵਲ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਦਯੋਗਪਤੀਆਂ ਦੇ ਸਲਾਹ-ਮਸ਼ਵਰੇ ਨਾਲ ਸੂਬੇ ਵਿੱਚ ਨਵੀਂ ਉਦਯੋਗਿਕ ਨੀਤੀ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭਵਿੱਖ ਵਿੱਚ ਲੋੜ ਪੈਣ ‘ਤੇ ਇਸ ਵਿੱਚ ਢੁਕਵੀਂ ਸੋਧ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਿਲਣੀਆਂ ਜਾਰੀ ਰਹਿਣਗੀਆਂ।

ਮੀਟਿੰਗਾਂ ਦਾ ਉਦੇਸ਼ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣਾ

ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਤੋਂ ਹਿੰਡਨ ਲਈ ਉਡਾਣਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਸ਼ਹਿਰ ਨੂੰ ਦਿੱਲੀ ਨਾਲ ਜੋੜਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਦਿੱਲੀ ਲਈ ਨਵੀਆਂ ਉਡਾਣਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਪਰ ਫਿਰ ਵੀ ਸੂਬਾ ਸਰਕਾਰ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਉਠਾਏਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਵੱਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਸਹੂਲਤ ਲਈ ਇਹ ਮਿਲਣੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੱਡੇ ਸਮਾਗਮ ਸਿਰਫ਼ ਫੋਟੋ ਖਿਚਵਾਉਣ ਲ਼ਈ ਹੀ ਕਰਵਾਏ ਜਾਂਦੇ ਸਨ ਅਤੇ ਇਨ੍ਹਾਂ ਦਾ ਉਦਯੋਗਾਂ ਜਾਂ ਸੂਬੇ ਨੂੰ ਕੋਈ ਲਾਭ ਨਹੀਂ ਮਿਲਦਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਰੁਝਾਨ ਨੂੰ ਬਦਲ ਦਿੱਤਾ ਹੈ ਅਤੇ ਹੁਣ ਮੀਟਿੰਗਾਂ ਦਾ ਉਦੇਸ਼ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਖੇਤਰ ਵਿੱਚ ਸੂਬੇ ਦਾ ਸਥਾਨਕ ਪੱਧਰ 'ਤੇ ਕਿਸੇ ਹੋਰ ਸੂਬੇ ਨਾਲ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਉਦੇਸ਼ ਹੁਣ ਚੀਨ ਨਾਲ ਮੁਕਾਬਲਾ ਕਰਕੇ ਉਸ ਨੂੰ ਉਦਯੋਗਿਕ ਖੇਤਰ 'ਚ ਪਛਾੜਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਗਤੀਸ਼ੀਲ ਅਤੇ ਮਿਹਨਤੀ ਉਦਯੋਗਪਤੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕੇਗਾ।

ਪਿਛਲੀਆਂ ਸਰਕਾਰਾਂ ਨੇ ਸਫਲ ਉਦਯੋਗਪਤੀਆਂ ਨੂੰ ਲੁੱਟਿਆ: ਮੁੱਖ ਮੰਤਰੀ

ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਆਪਣੀ ਸੱਤਾ ਦੌਰਾਨ ਮਹਿਲਨੁਮਾ ਘਰਾਂ 'ਚ ਰਹਿ ਰਹੇ ਸਨ, ਉਨ੍ਹਾਂ ਨੂੰ ਲੋਕਾਂ ਨੇ ਸੂਬੇ ਦੇ ਸਿਆਸੀ ਅਖਾੜੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਇੱਕ ਨਵੇਂ ਯੁੱਗ ਦੀ ਸਵੇਰ ਵੇਖੀ ਹੈ ਕਿਉਂਕਿ ਅਜੇਤੂ ਮੰਨੇ ਜਾਂਦੇ ਇਨ੍ਹਾਂ ਆਗੂਆਂ ਨੂੰ ਲੋਕਾਂ ਨੇ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਾਰਨ ਪੰਜਾਬ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ ਅਤੇ ਪਹਿਲੀ ਵਾਰ ਸ਼ਾਸਨ ਪ੍ਰਣਾਲੀ ਵਿੱਚ ਲੋਕ ਕੇਂਦਰਿਤ ਫੈਸਲਿਆਂ ਨੂੰ ਤਰਜੀਹ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਲੋਕ ਸਫ਼ਲ ਹੋਣ ਤੋਂ ਡਰਦੇ ਸਨ ਕਿਉਂਕਿ ਨੇਤਾ ਉਨ੍ਹਾਂ ਦੇ ਕੰਮਕਾਰ ਵਿੱਚ ਆਪਣਾ ਹਿੱਸਾ ਪਾ ਲੈਂਦੇ ਸਨ।। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਜਨਤਾ ਨੂੰ ਖਾਸ ਕਰਕੇ ਸਫਲ ਉਦਯੋਗਪਤੀਆਂ ਨੂੰ ਲੁੱਟਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਵੱਲੋਂ ਉਦਯੋਗਪਤੀਆਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਸਨ ਅਤੇ ਫਿਰ ਉਨ੍ਹਾਂ ਨੂੰ ਬਾਅਦ ਵਿੱਚ ਚੋਰ ਤੱਕ ਵੀ ਕਿਹਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਵਿੱਚ ਅਸਲ ਮਾਅਨਿਆਂ ਵਿੱਚ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗ ਪੱਖੀ ਸਰਕਾਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਇਹ ਸਿਸਟਮ ਮਹਿਜ਼ ਇੱਕ ਧੋਖਾ ਸੀ ਕਿਉਂਕਿ ਕਿਸੇ ਨੇ ਵੀ ਇਸ ਦੀ ਅਸਲ ਅਰਥਾਂ ਵਿੱਚ ਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਸਮਝੌਤਿਆਂ 'ਤੇ ਪਰਿਵਾਰਾਂ ਨਾਲ ਦਸਤਖਤ ਕੀਤੇ ਜਾਂਦੇ ਸਨ ਪਰ ਹੁਣ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਕੀਤੇ ਜਾਂਦੇ ਹਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement