ਅਕਾਲੀ ਦਲ ਇਸ ਸਮਾਗਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ: ਪ੍ਰੋ .ਚੰਦੂਮਾਜਰਾ
Patiala News : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਦੇ ਉਲੀਕੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਨਾ ਕਰੇ। ਉਹ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿ ਪੰਥ ਰਤਨ ਜਥੇਦਾਰ ਟੌਹੜਾ ਦਾ ਜਨਮ ਪਿੰਡ ਟੌਹੜਾ ਵਿਖੇ ਹੋਇਆ ਅਤੇ ਉਨ੍ਹਾਂਦੀ ਕਰਮ ਭੁਮੀ ਸ੍ਰੀ ਅੰਮ੍ਰਿਤਸਰ ਸਾਹਿਬ ਸੀ ਤਾਂ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾਉਂਦੀੇ। ਇਥੇ ਬਰਾਬਰ ਦਾ ਸਮਾਗਮ ਉਲੀਕ ਦੇ ਅਕਾਲੀ ਸੁਧਾਰ ਲਹਿਰ, ਟੌਹੜਾ ਪਰਿਵਾਰ ਤੇ ਪਿੰਡ ਟੌਹੜਾ ਦੇ ਨਿਵਾਸੀਆਂ ਵੱਲੋਂ ਰੱਖੇ ਸਮਾਗਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਹ ਸਮਾਗਮ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਸਮੁੱਚੀ ਲੀਡਰਸ਼ਿਪ, ਟੌਹੜਾ ਪਰਿਵਾਰ ਅਤੇ ਪਿੰਡ ਟੌਹੜਾ ਦੇ ਨਿਵਾਸੀਆਂ ਨੇ ਵਿਚਾਰ ਕਰਨ ਤੋਂ ਬਾਅਦ ਸਮਾਗਮ ਮਨਾਉਣ ਦਾ ਫੈਸਲਾ ਕੀਤਾ ਅਤੇ ਫੇਰ ਸਮੁੱਚੀਆਂ ਪੰਥਕ ਧਿਰਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਪਰ ਸਮਝ ਨਹੀਂ ਆ ਰਿਹਾ ਕਿ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਨਹੀਂ ਮੰਨਦੀ ਜਾਂ ਫੇਰ ਜਾਣ ਬੁਝ ਕੇ ਸਮਾਗਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਕਰ ਰਹੀ ਹੈ। ਉਨ੍ਹਾਂ ਸਮੁੱਚੀਆਂ ਪੰਥਕ ਧਿਰਾਂ ਅਤੇ ਟੌਹੜਾ ਹਮਾਇਤੀਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਹ ਹੁਕਮ ਦਿੱਤਾ ਗਿਆ ਸੀ ਕਿ ਦੋਨੋ ਧਿਰਾਂ ਇੱਕ ਦੂਜੇ ਦੇ ਖਿਲਾਫ ਗੱਲ ਨਾ ਕਰਨ ਤਾਂ ਜਿਸ ਤਰ੍ਹਾਂ ਪਿੰਡ ਟੌਹੜਾ ਵਿਖੇ ਹੋਣ ਵਾਲੇ ਸਮਾਗਮ ਦਾ ਖੁੱਲਾ ਸੱਦਾ ਸੀ ਤਾਂ ਫ਼ਿਰ ਅਕਾਲੀ ਦਲ ਵੱਲੋਂ ਅਲੱਗ ਤੋਂ ਸਮਾਗਮ ਦਾ ਆਯੋਜਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬ ਵੱਲੋਂ ਜਿਹੜੀ ਅਕਾਲੀ ਦਲ ਦੇ ਹਾਲਤ ਪਤਲੀ ਹੋਣ ਦੀ ਗੱਲ ਆਖੀ ਸੀ ਉਹ ਹਰਿਆਣਾ ਵਿਚ ਸਾਫ ਦਿਖਾਈ ਦੇ ਰਹੀ ਹੈ ਕਿਉਂਕਿ ਪਹਿਲੀ ਵਾਰ ਇਹ ਦੇਖਣ ਵਿਚ ਆਇਆ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੋਈ ਵੀ ਪਾਰਟੀ ਅਕਾਲੀ ਦਲ ਦੀ ਹਮਾਇਤ ਲੈਣ ਲਈ ਨਹੀਂ ਪਹੁੰਚ ਰਹੀ।
ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਰਣਧੀਰ ਸਿੰਘ ਰੱਖੜਾ, ਹਲਕਾ ਘਨੌਰ ਦੇ ਇੰਚਾਰਜ਼ ਭੁਪਿੰਦਰ ਸਿੰਘ ਸ਼ੇਖੁਪੁਰ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ, ਜਗਜੀਤ ਸਿੰਘ ਕੋਹਲੀ ਅਤੇ ਜਸਵਿੰਦਰਪਾਲ ਸਿੰਘ ਚੱਢਾ ਵਿਸ਼ੇਸ ਤੌਰ ’ਤੇ ਹਾਜ਼ਰ ਸਨ।